ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਵਿਦਿਆਰਥੀ ਆਗੂ ਸੁਖਮਨਪਾਲ ਸਿੰਘ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ 10 ਜੁਲਾਈ ਨੂੰ ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ 28 ਮਈ ਨੂੰ ਇੱਕ ਘਰ ਵਿੱਚ ਜਾ ਕੇ ਕੁੱਝ ਲੋਕਾਂ ਵੱਲੋਂ ਵਿਦਿਆਰਥੀ ਯੂਨੀਅਨ ਦੇ ਆਗੂ ਸੁਖਮਨਪਾਲ ਸਿੰਘ ਦੀ ਜ਼ਮੀਨ ਦੇ ਲਾਲਚ ਲਈ ਕੀਤੀ ਗਈ ਕੁੱਟਮਾਰ ਸਬੰਧੀ ਪੁਲੀਸ ਵੱਲੋਂ ਕਸੂਰਵਾਰਾਂ ਨੂੰ ਪਰਚਾ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਹ ਧਰਨਾ ਲਾਇਆ ਜਾ ਰਿਹਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਤਾਮਕੋਟ ਨੇ ਅੱਜ ਇਥੇ ਦੱਸਿਆ ਕਿ ਵਿਦਿਆਰਥੀ ਆਗੂ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀ.ਐਚ.ਡੀ ਕਰਦਾ ਹੈ, ਦੀ ਕੁੱਟਮਾਰ ਉਸ ਦੇ ਸਕੇ-ਸਬੰਧੀਆਂ ਵੱਲੋਂ ਬਾਹਰੋਂ ਵਿਅਕਤੀਆਂ ਨੂੰ ਲਿਆ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਮਦਦ ਕੀਤੀ ਜਾ ਰਹੀ ਸੀ, ਜਿਸ ਲਈ ਜਥੇਬੰਦੀ ਵੱਲੋਂ ਦਬਾਅ ਪਾਉਣ ਤੋਂ ਬਾਅਦ ਪੁਲੀਸ ਨੇ ਮੁੱਖ ਮੁਲਜ਼ਮਾਂ ਨੂੰ ਪਰਚੇ ਵਿੱਚ ਸ਼ਾਮਲ ਕਰ ਲਿਆ ਹੈ, ਪਰ ਉਹ ਸਰਕਾਰੀ ਅਹੁਦਿਆਂ ਹੋਣ ਕਾਰਨ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਦੋਂ ਕਿ ਮਾਨਸਾ ਦੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ 13 ਜਣਿਆਂ ਦੀ ਜ਼ਮਾਨਤਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੂੰ ਵੀ ਮਿਲਿਆ ਜਾਵੇਗਾ। ਦੂੁਜੇ ਪਾਸੇ ਥਾਣਾ ਸਦਰ ਮਾਨਸਾ ਦੇ ਮੁਖੀ ਪ੍ਰਵੀਨ ਕੁਮਾਰ ਕਿਹਾ ਕਿ ਦੋ ਮੁਲਜ਼ਮਾਂ ਨੂੰ ਫੜ ਲਿਆ ਹੈ ਤੇ ਬਾਕੀ ਵੀ ਫੜ ਲਏ ਜਾਣਗੇ