ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਜੁਲਾਈ
ਪਿੰਡ ਕਿਸ਼ਨਪੁਰਾ ਕਲਾਂ ਦੀ ਪੰਚਾਇਤ ਨੇ ਮਾਲ ਵਿਭਾਗ ਦੇ ਅਧਿਕਾਰੀਆਂ ’ਤੇ ਪੰਚਾਇਤੀ ਜ਼ਮੀਨ ਕਾਸ਼ਤਕਾਰਾਂ ਦੇ ਨਾਮ ਗ਼ਲਤ ਢੰਗ ਨਾਲ ਤਬਦੀਲ ਕਰਨ ਦਾ ਦੋਸ਼ ਲਾਇਆ ਹੈ। ਪਿੰਡ ਦੀ ਮਹਿਲਾ ਸਰਪੰਚ ਹਰਿੰਦਰ ਕੌਰ ਸ਼ਾਹ ਦੇ ਪਤੀ ਜਰਨੈਲ ਸਿੰਘ, ਨੌਜਵਾਨ ਆਗੂ ਹਰਪ੍ਰੀਤ ਸਿੰਘ ਅਤੇ ਪੰਚ ਮੱਘਰ ਸਿੰਘ ਨੇ ਦੱਸਿਆ ਕਿ ਮਾਲ ਰਿਕਾਰਡ ਅਨੁਸਾਰ ਪ੍ਰਸ਼ਾਸਨ ਨੇ 361 ਕਨਾਲ ਪੰਚਾਇਤੀ ਜ਼ਮੀਨ ’ਚੋਂ ਤਕਰੀਬਨ 160 ਕਨਾਲ ’ਚੋਂ ਕਬਜ਼ਾ ਛੁਡਵਾ ਦਿੱਤਾ। 1958 ਤੋਂ ਹੁਣ ਤੱਕ ਦੇ ਹਾਸਲ ਕੀਤੇ ਰਿਕਾਰਡ ਮੁਤਾਬਕ 5 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਕਾਸ਼ਤਕਾਰਾਂ ਦੇ ਨਾਮ ਕਰ ਦਿੱਤੀ ਗਈ। ਉਨ੍ਹਾਂ ਨੇ ਇਸ ਜ਼ਮੀਨ ’ਤੇ 50 ਲੱਖ ਦਾ ਕਰਜ਼ਾ ਵੀ ਚੁੱਕ ਲਿਆ ਹੈ। ਉਨ੍ਹਾਂ ਜਾਂਚ ਦੀ ਮੰਗ ਕਰਦਿਆਂ ਉੱਚ ਅਧਿਕਾਰੀਆਂ ਨੂੰ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਦੀ 20 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਜ਼ਮੀਨ ਗ਼ਲਤ ਢੰਗ ਨਾਲ ਤਬਦੀਲ ਕਰਨ ਬਾਰੇ ਪੜਤਾਲ ਕੀਤੀ ਜਾਵੇਗੀ। ਪਿੰਡ ਦੇ ਤਤਕਾਲੀ ਪਟਵਾਰੀ ਤੇ ਹੁਣ ਕਾਨੂੰਗੋ ਨੇਤਰਪਾਲ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਮੰਨਿਆ ਕਿ ਰਿਕਾਰਡ ਨਾਲ ਛੇੜਛਾੜ ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ ਦੀ ਹੈ।