ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਅਪਰੈਲ
ਪਿੰਡ ਤੁੰਗਵਾਲੀ ਵਿੱਚ ਅੱਜ ਬਿਜਲੀ ਵਿਭਾਗ ਵੱਲੋਂ ਇੱਕ ਕਿਸਾਨ ਦੇ ਘਰ ਪ੍ਰੀ-ਪੇਡ ਬਿਜਲੀ ਮੀਟਰ ਲਗਾਏ ਜਾਣ ਕਾਰਨ ਕਿਸਾਨਾਂ ਵਿੱਚ ਰੋਹ ਫੈਲ ਗਿਆ। ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਲਗਾਏ ਲਏ ਮੀਟਰ ਕੋਲ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਗੂ ਸਰਬਜੀਤ ਸਿੰਘ, ਸ਼ਿੰਗਾਰਾ ਸਿੰਘ ਬੁੱਟਰ, ਮਲਕੀਤ ਸਿੰਘ ਤੇ ਕੌਰ ਸਿੰਘ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੇ ਸ਼ਿੰਗਾਰਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਦਾ ਬਿਜਲੀ ਮੀਟਰ ਖਰਾਬ ਦੱਸ ਕੇ ਬਦਲ ਦਿੱਤਾ ਹੈ। ਮੁਲਾਜ਼ਮਾਂ ਨੇ ਕਿਸਾਨ ਵੱਲੋਂ ਪੁੱਛੇ ਜਾਣ ਦੇ ਬਾਵਜੂਦ ਪੁਰਾਣਾ ਮੀਟਰ ਲਾਹ ਕੇ ਪ੍ਰੀਪੇਡ ਬਿਜਲੀ ਮੀਟਰ ਲਗਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਾਡੀ ਜੱਥੇਬੰਦੀ ਪ੍ਰੀਪੇਡ ਬਿਜਲੀ ਮੀਟਰ ਨਹੀਂ ਲੱਗਣ ਦੇਵੇਗੀ। ਜੇ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਜੱਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਰਾਂ ਦੇ ਲੱਗਣ ਨਾਲ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਬੱਲਬ ਜਗਣੇ ਬੰਦ ਹੋ ਜਾਣਗੇ ਤੇ ਬਾਕੀ ਲੋਕਾਂ ਨੂੰ ਮਹਿੰਗੇ ਭਾਅ ਬਿਜਲੀ ਮਿਲੇਗੀ।
ਇਸ ਤੋਂ ਇਲਾਵਾ ਬਿਜਲੀ ਬੋਰਡ ਵਿੱਚ ਵੱਡੀ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ ਅਤੇ ਅਸਾਮੀਆਂ ਵੀ ਖ਼ਤਮ ਕੀਤੀਆਂ ਜਾਣਗੀਆਂ।