ਪਰਸ਼ੋਤਮ ਬੱਲੀ
ਬਰਨਾਲਾ, 10 ਮਾਰਚ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ 161 ਦਿਨਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗਿਆ ਧਰਨਾ ਆਪਣੇ ਰਵਾਇਤੀ ਜਾਹੋ-ਜਲਾਲ ਨਾਲ ਅੱਜ ਵੀ ਜਾਰੀ ਰਿਹਾ ਤੇ ਭਾਰਤ ਦੀ ਪਹਿਲੀ ਔਰਤ ਅਧਿਆਪਕ ਸਾਵਿੱਤਰੀ ਬਾਈ ਫੂਲੇ ਦੇ ਬਰਸੀ ਸਮਾਗਮ ਮਨਾਉਂਦਿਆਂ ਉਨ੍ਹਾਂ ਦੇ ਦਲਿਤਾਂ ਅਤੇ ਔਰਤਾਂ ਲਈ ਇਤਿਹਾਸਿਕ ਯੋਗਦਾਨ ਨੂੰ ਸਿਜਦਾ ਕੀਤਾ| ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਪ੍ਰੇਮਪਾਲ ਕੌਰ, ਗੁੁਰਚਰਨ ਸਿੰਘ ਸਰਪੰਚ, ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ, ਮੇਲਾ ਸਿੰਘ ਕੱਟੂ, ਗੁੁਰਮੇਲ ਸ਼ਰਮਾ, ਗੁੁਰਮੇਲ ਧੌਲਾ ਤੇ ਗੁੁਲਾਬ ਸਿੰਘ ਗਿੱਲ ਨੇ ਸੰਬੋਧਨ ਕੀਤਾ। ਆਗੂ ਅਮਰਜੀਤ ਕੌਰ ਨੇ ਸਾਵਿੱਤਰੀ ਬਾਈ ਫੂਲੇ ਦੇ ਸੰਘਰਸ਼ੀ ਜੀਵਨ ’ਤੇ ਝਾਤ ਪਾਉਂਦਿਆਂ ਦੱਸਿਆ ਕਿ ਸਾਵਿਤਰੀ ਨੇ ਆਪਣੇ ਪਤੀ ਜਯੋਤੀਬਾ ਫੂਲੇ ਨਾਲ ਮਿਲ ਕੇ ਨਾ ਸਿਰਫ ਅੰਗਰੇਜ਼ ਬਸਤੀਵਾਦ ਵਿਰੁੱਧ ਲੋਹਾ ਲਿਆ, ਸਗੋਂ ਭਾਰਤੀ ਧਾਰਮਿਕ ਤੇ ਜਾਤੀਪਾਤੀ ਕੱਟੜਪੰਥੀਆਂ ਨਾਲ ਵੀ ਆਢਾ ਲਿਆ| ਕਿਸਾਨ ਅੰਦੋਲਨ ਬਾਰੇ ਬੋਲਦਿਆਂ ਬੁੁਲਾਰਿਆਂ ਨੇ ਕਿਹਾ ਕਿ ਉੁਨ੍ਹਾਂ ਆਪਣੇ ਆਪ ਨੂੰ ਲੰਮੇ ਦਾਅ ਦੇ ਅੰਦੋਲਨ ਲਈ ਤਿਆਰ ਕਰ ਲਿਆ ਹੈ।
ਪਰਮਜੀਤ ਸਿੰਘ ਖਾਲਸਾ ਸਾਹੌਰ ਤੇ ਜਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਬੀਰ ਰਸੀ ਵਾਰਾਂ ਗਾ ਕੇ ਮਾਹੌਲ ਵਿੱਚ ਜੋਸ਼ ਭਰਿਆ| ਡੇਰਾ ਬਾਬਾ ਥੰਮਣ ਸਿੰਘ ਪਿੰਡ ਫਰਵਾਹੀ ਨੇ ਲੰਗਰ ਦੀ ਸੇਵਾ ਨਿਭਾਈ|