ਇਕਬਾਲ ਸਿੰਘ ਸ਼ਾਂਤ
ਲੰਬੀ, 23 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਕਿਯੂ ਏਕਤਾ ਉਗਰਾਹਾਂ ਬਲਾਕ ਲੰਬੀ ਵੱਲੋਂ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬਲਾਕ ਲੰਬੀ ਅਤੇ ਹਰੀਪੁਰਾ (ਰਾਜਸਥਾਨ) ਦੇ ਕਿਸਾਨ ਸ਼ਾਮਲ ਹੋਏ। ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਚਾਚਾ ਅਜੀਤ ਸਿੰਘ ਨੂੰ ਯਾਦ ਕਰਨ ਦਾ ਮਕਸਦ ਕ੍ਰਾਂਤੀਕਾਰੀ ਆਜ਼ਾਦੀ ਸੰਗਰਾਮੀਆਂ ਦੀ ਵਿਚਾਰਧਾਰਾ ਨੂੰ ਯਾਦ ਕਰ ਕੇ ਉਨ੍ਹਾਂ ਦੇ ਪਗ ਚਿੰਨ੍ਹਾਂ ’ਤੇ ਚੱਲਣ ਦਾ ਹੈ। ਮੀਤ ਪ੍ਰਧਾਨ ਡਾ. ਹਰਪਾਲ ਸਿੰਘ, ਟੀਐੱਸਯੂ ਤੋਂ ਪ੍ਰਕਾਸ਼ ਚੰਦ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਮਹਿੰਦਰ ਸਿੰਘ ਖੁੱਡੀਆਂ, ਖੇਤ ਮਜ਼ਦੂਰ ਯੂਨੀਅਨ ਦੇ ਕਾਲਾ ਸਿੰਘ ਸਿੰਘੇਵਾਲਾ, ਨੱਥਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਘੋਲ ਅਖ਼ੀਰ ’ਚ ਜੇਤੂ ਹੋ ਨਿੱਬੜੇਗਾ।
ਸ਼ਹਿਣਾ (ਪ੍ਰਮੋਦ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਪੱਧਰੀ ਪਗੜੀ ਸੰਭਾਲ ਜੱਟਾ ਲਹਿਰ ਦਿਹਾੜਾ ਮਨਾਇਆ ਗਿਆ। ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਲੋਕਾਂ ਨੂੰ ਕਿਸਾਨਾਂ ਦੇ ਹੱਕਾਂ ਲਈ ਦਿੱਲੀ ਸੰਘਰਸ਼ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇੱਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਸਾਂਝਾ ਕਿਸਾਨ ਮੋਰਚਾ ਦੇ ਧਰਨੇ ਦੌਰਾਨ ‘ਪਗੜੀ ਸੰਭਾਲ ਜੱਟਾ’ ਬਾਰੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੁਲਾਰਿਆਂ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਪੰਪ ਵਾਲੇ ਧਰਨੇ ਵਿੱਚ ਉਗਰਾਹਾਂ ਧੜੇ ਦੇ ਜੋਗਿੰਦਰ ਸਿੰਘ, ਸੁਖਪਾਲ ਸਿੰਘ, ਲੀਲਾ ਸਿੰਘ, ਕਰਮਜੀਤ ਸਿੰਘ, ਕਰਮਜੀਤ ਕੌਰ, ਸੁਖਵੰਤ ਕੌਰ, ਸਤਵੀਰ ਕੌਰ ਸ਼ਾਮਲ ਸਨ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਅੰਗਰੇਜ਼ ਸਾਮਰਾਜ ਵਿਰੁੱਧ ਕਿਸਾਨੀ ਹੱਕਾਂ ਲਈ ਉਮਰ ਭਰ ਜੂਝਣ ਵਾਲੇ ਇਸ ਕਿਸਾਨ ਆਗੂ ਨੂੰ ਸਿਜਦਾ ਕਰਦਿਆਂ ਮੋਮਬੱਤੀਆਂ ਜਗਾ ਕੇ ਮੋਰਚੇ ਵਿੱਚ ਹਾਜ਼ਰ ਲੋਕਾਂ ਦਾ ਖੀਰ ਨਾਲ ਮੂੰਹ ਮਿੱਠਾ ਕਰਵਾ ਕੇ ਅਜੀਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਜ਼ੋਰਦਾਰ ਨਾਅਰੇ ਬੁਲੰਦ ਕੀਤੇ ਗਏ।
ਡੱਬਵਾਲੀ (ਪੱਤਰ ਪ੍ਰੇਰਕ): ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਡੱਬਵਾਲੀ ਹਲਕੇ ਦੇ ਕਿਸਾਨਾਂ ਨੇ ਪਗੜੀ ਸੰਭਾਲ ਲਹਿਰ ਦੇ ਆਗੂ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ ਨੇ ਸੰਬੋਧਨ ਕੀਤਾ।
ਲਹੁਕੇ ਕਲਾਂ ਤੋਂ ਕਿਸਾਨਾਂ ਦਾ 8ਵਾਂ ਜਥਾ ਦਿੱਲੀ ਰਵਾਨਾ
ਜ਼ੀਰਾ (ਹਰਮੇਸ਼ ਪਾਲ ਨੀਲੇਵਾਲ): ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਬਲਾਕ ਜ਼ੀਰਾ ਦੇ ਪਿੰਡ ਲਹੁਕੇ ਕਲਾਂ ਤੋਂ 8ਵਾਂ ਜਥਾ ਦਿੱਲੀ ਰਵਾਨਾ ਹੋਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਕਿਸਾਨਾਂ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਇਸ ਨਾਲ ਕਿਸਾਨਾਂ ਦਾ ਹੌਸਲਾ ਟੁੁੱਟਣ ਦੀ ਥਾਂ ਹੋਰ ਬੁਲੰਦ ਹੋ ਰਿਹਾ ਹੈ। ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲਹੁਕਾ ਨੇ ਦੱਸਿਆ ਕਿ ਪਿੰਡ ਲਹੁਕੇ ਕਲਾਂ ਦੀਆਂ ਦੋਵਾਂ ਪੰਚਾਇਤਾਂ ਨੇ ਮਤੇ ਪਾਸ ਕਰ ਕੇ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਵਿੱਚ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ਪੂਰੇ ਪਿੰਡ ਵਿੱਚੋਂ ਉਗਰਾਹੀ ਕੀਤੀ ਗਈ। ਸਰਪੰਚ ਚਮਕੌਰ ਸਿੰਘ ਨੇ ਜਥੇ ਨੂੰ ਦਿੱਲੀ ਲਈ ਰਵਾਨਾ ਕੀਤਾ।