ਰਵਿੰਦਰ ਰਵੀ
ਬਰਨਾਲਾ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਕਿਸਾਨਾਂ ਨੇ ਅੱਜ ਸਰਕਾਰੀ ਦਫ਼ਤਰਾਂ ’ਚ ਬਿਜਲੀ ਬੋਰਡ ਲਗਾਏ ਗਏ ਸਮਾਰਟ ਚਿੱਪ ਵਾਲੇ ਮੀਟਰ ਉਤਾਰਕੇ ਵਿਭਾਗ ਦੇ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤੇ। ਕਿਸਾਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਮੁਲਾਜ਼ਮ ਸਮਾਰਟ ਮੀਟਰ ਲਾਉਣ ਨਾ ਜਾਵੇ ਨਹੀਂ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਬਲਵਿੰਦਰ ਸਿੰਘ ਕਾਲਾ, ਜਤਿੰਦਰ ਸਿੰਘ, ਹਰਦੀਪ ਸਿੰਘ ਕਾਲ਼ਾ ਦੀ ਅਗਵਾਈ ਵਿੱਚ ਧਨੌਲਾ ਬਿਜਲੀ ਬੋਰਡ ਵੱਲੋਂ ਲਗਾਏ ਸਮਾਰਟ ਮੀਟਰ ਜੋ ਸੁਵਿਧਾ ਕੇਂਦਰ, ਅਨਾਜ ਮੰਡੀ, ਬੱਸ ਸਟੈਂਡ, ਮਾਰਕੀਟ ਕਮੇਟੀ ’ਚ ਲੱਗੇ ਹੋਏ ਸਨ, ਨੂੰ ਪੁੱਟਿਆ ਗਿਆ ਅਤੇ ਬਿਜਲੀ ਬੋਰਡ ਦੇ ਦਫਤਰ ’ਚ ਜਮ੍ਹਾਂ ਕਰਵਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਦੀ ਬਿਜਲੀ ਮੁਫ਼ਤ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਚੋਰ ਮੋਰੀਆਂ ਰਾਹੀਂ ਲੋਕਾਂ ’ਤੇ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਸਰਕਾਰ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਅਜਿਹੇ ਮੀਟਰ ਉਹ ਕਿਸੇ ਵੀ ਹਾਲਤ ਵਿੱਚ ਲਾਉਣ ਨਹੀਂ ਦੇਣਗੇ। ਸਹਾਇਕ ਨਿਗਰਾਨ ਇੰਜਨੀਅਰ ਤੇਜ ਰਾਮ ਬਾਂਸਲ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤੀ ਹੈ।