ਲਖਵੀਰ ਸਿੰਘ ਚੀਮਾ/ਰੋਹਿਤ ਗੋਇਲ
ਟੱਲੇਵਾਲ/ਪੱਖੋਂ ਕੈਂਚੀਆਂ, 30 ਸਤੰਬਰ
ਬਿਜਲੀ ਵਿਭਾਗ ਵਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਲਗਾਤਾਰ ਕਿਸਾਨਾਂ ਵਲੋਂ ਜਾਰੀ ਹੈ। ਪਿੰਡ ਪੱਖੋਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਾਦੀਆਂ ਵੱਲੋਂ ਪਿੰਡ ਦੇ ਵਾਟਰ ਵਰਕਸ ’ਤੇ ਲਗਾਏ ਗਏ ਸਮਾਰਟ ਮੀਟਰ ਨੂੰ ਉਤਾਰ ਕੇ ਮੁਲਾਜ਼ਮਾਂ ਹਵਾਲੇ ਕਰ ਦਿੱਤਾ ਗਿਆ। ਜਦ ਤੱਕ ਦੁਬਾਰਾ ਪੁਰਾਣਾ ਮੀਟਰ ਨਹੀਂ ਲਗਦਾ, ਉਦੋਂ ਤੱਕ ਕੁਨੈਕਸ਼ਨ ਸਿੱਧਾ ਜੋੜ ਦਿੱਤਾ ਗਿਆ। ਇਸ ਮੌਕੇ ਜੁਗਰਾਜ ਸਿੰਘ ਕੈਰੇ ਜਿਲ੍ਹਾ ਮੀਤ ਪ੍ਰਧਾਨ ਬੀਕੇਯੂ ਕਾਦੀਆ, ਸੁਖਪਾਲ ਸਿੰਘ ਜੱਸੜ ਅਤੇ ਮੋਹਣੀ ਸਿੰਘ ਧਾਲੀਵਾਲ ਨੇ ਕਿਹਾ ਕਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਪਾਵਰਕੌਮ ਵਿਭਾਗ ਨੂੰ ਕਦੇ ਵੀ ਚਿੱਪ ਵਾਲੇ ਮੀਟਰ ਨਹੀਂ ਲਗਾਉਣ ਦੇਵਾਂਗੇ। ਕਿਉਂਕਿ ਸਰਕਾਰੀ ਅਦਾਰਿਆ ਵਿੱਚ ਚਿੱਪ ਵਾਲੇ ਮੀਟਰ ਲਗਾਉਣ ਤੋਂ ਬਾਅਦ ਘਰਾਂ ਤੇ ਖੇਤਾਂ ਵਿੱਚ ਇਹ ਮੀਟਰ ਲਗਾਉਣਗੇੇ। ਉਨ੍ਹਾਂ ਕਿਹਾ ਕਿ ਅੱਗੇ ਵਾਟਰ ਵਰਕਸ ਦਾ ਬਿਲ ਨਾ ਭਰੇ ਜਾਣ ’ਤੇ ਵੀ ਮੋਟਰ ਕੁਨੈਕਸ਼ਨ ਚਲਦਾ ਰਹਿੰਦਾ ਸੀ ਤੇ ਹੁਣ ਜਦ ਚਿੱਪ ਵਾਲਾ ਮੀਟਰ ਲਗਾ ਦਿੱਤਾ ਹੈ ਤਾਂ ਜਦ ਪੈਸੇ ਖਤਮ ਹੋ ਜਾਣਗੇ ਅਤੇ ਪੂਰਾ ਪਿੰਡ ਪਾਣੀ ਵੱਲੋਂ ਤਿਹਾਇਆ ਮਰੇਗਾ।
ਮੁਲਾਜ਼ਮਾਂ ਨੇ ਪਹਿਲਾਂ ਲੱਗੇੇ ਮੀਟਰਾਂ ਨੂੰ ਦੁਬਾਰਾ ਚਾਲੂ ਕੀਤਾ
ਹੰਡਿਆਇਆ (ਕੁਲਦੀਪ ਸੂਦ): ਪਿੰਡਾਂ ਵਿੱਚ ਵਾਟਰ ਵਰਕਸਾਂ ’ਤੇ ਪਾਵਰਕੌਮ ਵੱਲੋਂ ਸਮਾਰਟ ਬਿਜਲੀ ਮੀਟਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਨੇੜਲੇ ਪਿੰਡਾਂ ਧਨੌਲਾ ਖੁਰਦ ਅਤੇ ਖੁੱਡੀ ਖੁਰਦ ਵਿੱਚ ਸਮਾਰਟ ਮੀਟਰ ਲਾਏ ਗਏ। ਪਿੰਡ ਧਨੌਲਾ ਖੁਰਦ ਦੇ ਵਾਸੀਆਂ ਸੁਖਪ੍ਰੀਤ ਸਿੰਘ ਜੌਹਲ, ਅਕਾਸ਼ਦੀਪ ਸਿੰਘ, ਨਵਪ੍ਰੀਤ ਸਿੰਘ ਤੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਮਿਸਨ ਦੇ ਆਗੂ ਗੁਰਤੇਜ ਸਿੰਘ ਤੇਜੀ ਨੇ ਵਾਟਰ ਵਰਕਸ ’ਤੇ ਪਾਵਰਕੌਮ ਵੱਲੋਂ ਲਾਏ ਜਾ ਰਹੇ ਮੀਟਰਾਂ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਦੇ ਵਿਰੋਧ ਕਾਰਨ ਪਾਵਰਕੌਮ ਵੱਲੋਂ ਪਹਿਲਾਂ ਲੱਗੇ ਮੀਟਰਾਂ ਨੂੰ ਹੀ ਦੁਬਾਰਾ ਚਾਲੂ ਕੀਤਾ ਗਿਆ। ਇਸ ਮੌਕੇ ਮਹੰਤ ਸੋਹਣ ਦਾਸ, ਬਿੱਟੂ ਸਿੰਘ, ਵਿਕਰਮ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।