ਰਾਜਿੰਦਰ ਵਰਮਾ
ਭਦੌੜ, 1 ਅਕਤੂਬਰ
ਮਾਲਵਾ ਖੇਤਰ ਵਿੱਚ ਸਮਾਰਟ ਮੀਟਰਾਂ ਖ਼ਿਲਾਫ਼ ਰੋਹ ਭਖਦਾ ਜਾ ਰਿਹਾ ਹੈ। ਅੱਜ ਪਿੰਡ ਅਲਕੜਾ, ਮੱਝੂਕੇ, ਦੀਪਗੜ੍ਹ, ਜੰਗੀਆਣਾ, ਛੰਨਾ ਗੁਲਾਬ ਸਿੰਘ ਤੇ ਵਿਧਾਤੇ ਵਿੱਚ ਵਾਟਰ ਵਰਕਸਾਂ ’ਤੇ ਪਾਵਰਕੌਮ ਵੱਲੋਂ ਲਗਾਏ ਗਏ ਸਮਾਰਟ ਮੀਟਰਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਾਰੇ ਪਿੰਡਾਂ ’ਚੋਂ ਸਮਾਰਟ ਮੀਟਰ ਉਤਾਰ ਕੇ ਬਿਜਲੀ ਦਫਤਰ ਭਦੌੜ ਵਿੱਚ ਜਮ੍ਹਾਂ ਕਰਵਾ ਦਿੱਤੇ। ਬਲਾਕ ਜਨਰਲ ਸਕੱਤਰ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਕਿਸਾਨ ਭਾਰਤ ਬੰਦ ’ਚ ਰੁੱਝੇ ਹੋਏ ਸਨ ਤਾਂ ਮਹਿਕਮਾ ਮਗਰੋਂ ਪਿੰਡਾਂ ਦੇ ਵਾਟਰ ਵਰਕਸਾਂ ’ਤੇ ਸਮਾਰਟ ਮੀਟਰ ਲਗਾ ਗਿਆ ਸੀ ਜਿਸ ਦਾ ਜਥੇਬੰਦੀ ਨੇ ਵਿਰੋਧ ਕੀਤਾ ਸੀ। ਉਨ੍ਹਾਂ ਆਖਿਆ ਕਿ ਮਹਿਕਮੇ ਨੇ ਕਿਹਾ ਸੀ ਕਿ ਉਹ ਮੀਟਰ ਉਤਾਰ ਲੈਣਗੇ। ਪਰ ਮਹਿਕਮੇ ਨੇ ਅਜੇ ਤੱਕ ਮੀਟਰ ਨਾ ਉਤਾਰੇ, ਜਿਸ ਕਾਰਨ ਜਥੇਬੰਦੀ ਨੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਮੀਟਰ ਉਤਾਰ ਕੇ ਭਦੌੜ ਦਫ਼ਤਰ ਜਮ੍ਹਾਂ ਕਰਵਾ ਦਿੱਤੇ ਹਨ ਤੇ ਐੱਸਡੀਓ ਨੇ ਭਰੋਸਾ ਦਿੱਤਾ ਕਿ ਦੁਬਾਰਾ ਪੁਰਾਣੇ ਮੀਟਰ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮਹਿਕਮਾ ਉਨ੍ਹਾਂ ਦੇ ਟੀਕਾ ਲਗਾ ਕੇ ਦੇਖ ਰਿਹਾ ਹੈ ਕਿ ਜੇਕਰ ਉਨ੍ਹਾਂ ਹੁਣ ਵਿਰੋਧ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਘਰਾਂ ਤੇ ਖੇਤਾਂ ’ਚ ਵੀ ਇਹ ਮੀਟਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ’ਤੇ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ। ਇਸ ਸਮੇਂ ਬਿੰਦਰ, ਗੁਰਮੇਲ ਸਿੰਘ, ਸ਼ੇਰ ਸਿੰਘ ਜੰਗੀਆਣਾ, ਬਹਾਦਰ ਸਿੰਘ, ਬਿੰਦਰ ਸਿੰਘ ਤੇ ਹਾਕਮ ਸਿੰਘ ਛੰਨਾ, ਪਿਆਰਾ ਸਿੰਘ ਤੇ ਦਰਸ਼ਨ ਸਿੰਘ ਮੱਝੂਕੇ, ਗੁਰਜੀਤ ਸਿੰਘ ਤੇ ਰਾਣਾ ਸਿੰਘ ਦੀਪਗੜ੍ਹ ਵੀ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਇਸੇ ਦੌਰਾਨ ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ’ਚ ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਵੱਲੋਂ ਵਾਟਰ ਵਰਕਸ ’ਤੇ ਲਾਏ ਮੀਟਰ ਨੂੰ ਉਤਾਰ ਕੇ ਵਿਭਾਗ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਆਗੂਆਂ ਨੇ ਆਖਿਆ ਕਿ ਪਿੰਡਾਂ ’ਚ ਕਿਸੇ ਵੀ ਹਾਲਤ ਵਿਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।