ਇਕਬਾਲ ਸਿੰਘ ਸ਼ਾਂਤ
ਲੰਬੀ, 5 ਅਕਤੂਬਰ
ਪਿੰਡ ਬਾਦਲ ਵਿੱਚ ਗੁਲਾਬੀ ਸੁੰਡੀ ਕਾਰਨ ਖਰਾਬ ਨਰਮੇ ਦੇ ਮੁਆਵਜ਼ਾ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਮੂਹਰੇ ਜਾ ਰਹੇ ਭਾਕਿਯੂ ਏਕਤਾ ਉਗਰਾਹਾਂ ਦੇ ਵਰਕਰਾਂ ਅੱਗੇ ਪੁਲੀਸ ਰੋਕਾਂ ਨਾ ਟਿਕ ਸਕੀਆਂ। ਸੂਬਾ ਕਮੇਟੀ ਮੈਂਬਰ ਹਰਿੰਦਰ ਬਿੰਦੂ ਦੀ ਅਗਵਾਈ ਹੇਠ ਨਰਮਾ ਪੱਟੀ ਦੇ ਮਰਦ-ਔਰਤਾਂ ਨੇ ਪਿੰਡ ਬਾਦਲ ਵਿਖੇ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ਬਠਿੰਡਾ-ਲੰਬੀ ਸੜਕ ‘ਤੇ ਪੱਕਾ ਮੋਰਚਾ ਲਗਾ ਦਿੱਤਾ ਹੈ।ਮੋਰਚੇ ਵਿਚ ਮਾਲਵੇ ਦੇ ਪੰਜ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹਨ। ਪੰਜਾਬ ਪੁਲੀਸ ਦੇ ਅਮਲੇ ਦੀ ਅਗਵਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਪੀ ਰਾਜਪਾਲ ਸਿੰਘ ਹੁੰਦਲ ਕਰ ਰਹੇ ਹਨ। ਪੁਲੀਸ ਨੇ ਭਾਕਿਯੂ ਏਕਤਾ ਉਗਰਾਹਾਂ ਨੂੰ ਰੋਕਣ ਲਈ ਕਾਲਝਰਾਨੀ ਤੋਂ ਪਿੰਡ ਬਾਦਲ ਵਿਚ ਕਰੀਬ ਚਾਰ ਨਾਕੇ ਲਗਾਏ ਸਨ। ਪਿੰਡ ਬਾਦਲ ਵਿਖੇ ਵਾਟਰ ਵਰਕਸ ਕੋਲ ਸੜਕ ‘ਤੇ ਪੁਲੀਸ ਵ੍ਹੀਕਲ ਖੜ੍ਹੇ ਕਰ ਦਿੱਤੇ ਗਏ। ਜਿਹੜੇ ਕਿਸਾਨਾਂ ਦਾ ਰੋਸ ਦੇਖ ਕੇ ਪਾਸੇ ਕਰ ਦਿੱਤੀਆਂ ਗਈਆਂ।
ਸਿਵਲ ਹਸਪਤਾਲ ਬਾਦਲ ਨਾਕਾ ਕਿਸਾਨਾਂ ਨੇ ਹਟਾ ਦਿੱਤਾ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਕੋਲ ਪੁੱਜ ਗਏ। ਜਿਥੇ ਮੁੱਖ ਨਾਕੇ ‘ਤੇ ਪੁਲੀਸ ਨਾਕੇ ਮੂਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਜਗਦੀਪ ਖੁੱਡੀਆਂ, ਸੁੱਚਾ ਸਿੰਘ ਕੋਟਭਾਈ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ,ਜ਼ਿਲ੍ਹਾ ਫ਼ਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ ਅਤੇ ਸੁਖਦੇਵ ਸਿੰਘ ਰਾਮੂਵਾਲਾ ਮੌਜੂਦ ਹਨ।