ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 24 ਮਈ
ਖਨੌਰੀ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਇਸ ਦਰਮਿਆਨ ਦੋਵਾਂ ਦੇ ਵਿਚਕਾਰ ਸਖਤ ਨਾਕੇਬੰਦੀ ਕਰਕੇ ਪੁਲੀਸ ਤਾਇਨਾਤ ਰਹੀ। ਅੱਜ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਬੱਸ ਸਟੈਂਡ ਖਨੌਰੀ ਨੇੜੇ ਇੱਕ ਚੋਣ ਮੀਟਿੰਗ ਕਰਨ ਲਈ ਪੁੱਜੇ ਸਨ। ਅਰਵਿੰਦ ਖੰਨਾ ਵੱਲੋਂ ਆਪਣੀ ਚੋਣ ਮੀਟਿੰਗ ਜਾਰੀ ਰੱਖੀ ਅਤੇ ਸੰਬੋਧਨ ਕਰਦੇ ਰਹੇ ਜਦੋਂਕਿ ਨਾਕਾਬੰਦੀ ਦੇ ਇੱਕ ਪਾਸੇ ਕਿਸਾਨ ਖੜ੍ਹੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।
ਮਹਿਲ ਕਲਾਂ (ਨਵਕਿਰਨ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਖਿਲਾਫ਼ ਨੇੜਲੇ ਸਹਿਜੜਾ ਅਤੇ ਕੁਰੜ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਬਰਨਾਲਾ/ਟੱਲੇਵਾਲ (ਪਰਸ਼ੋਤਮ ਬੱਲੀ/ਲਖਵੀਰ ਸਿੰਘ): ਨੇੜਲੇ ਪਿੰਡ ਚੀਮਾ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਰੈਲੀ ਦਾ ਵਿਰੋਧ ਕੀਤਾ।
ਕਿਸਾਨਾਂ ਵੱਲੋਂ ਪਰਮਪਾਲ ਮਲੂਕਾ ਦਾ ਜ਼ਬਰਦਸਤ ਵਿਰੋਧ
ਮੌੜ ਮੰਡੀ (ਕੁਲਦੀਪ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡ ਰਾਮਨਗਰ ਅਤੇ ਕੋਟਭਾਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਮਲੂਕਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਵਿਰੋਧ ਕੀਤਾ ਗਿਆ।
ਸੁਭਾਸ਼ ਸ਼ਰਮਾ ਦਾ ਕਾਲੀਆਂ ਝੰਡੀਆਂ ਨਾਲ ‘ਸਵਾਗਤ’
ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ ਸੇਖੋਂ/ਜੋਗਿੰਦਰ ਕੁੱਲੇਵਾਲ): ਪਿੰਡ ਬੀਣੇਵਾਲ ਦੇ ਬੱਸ ਅੱਡੇ ਨੇੜੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਕਾਲੀਆਂ ਝੰਡੀਆਂ ਨਾਲ ‘ਸਵਾਗਤ’ ਕੀਤਾ ਗਿਆ। ਭਾਜਪਾ ਆਗੂ ਦਾ ਕਾਫ਼ਲਾ ਚੋਣ ਪ੍ਰਚਾਰ ਸਬੰਧੀ ਪਿੰਡ ਹੈਬੋਵਾਲ ਤੋਂ ਵਾਪਸ ਗੜ੍ਹਸ਼ੰਕਰ ਜਾ ਰਿਹਾ ਸੀ। ਇਸ ਸਬੰਧੀ ਪਤਾ ਲੱਗਣ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਇਲਾਕੇ ਦੇ ਕਿਸਾਨ ਅੱਡਾ ਝੁੰਗੀਆਂ (ਬੀਨੇਵਾਲ) ਕੋਲ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।