ਪਵਨ ਗੋਇਲ
ਭੁੱਚੋ ਮੰਡੀ, 19 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਅਤੇ ਰਾਮਪੁਰਾ ਦੇ ਕਿਸਾਨਾਂ ਨੇ ਧਰਨਾ ਜਾਰੀ ਰੱਖਦਿਆਂ ਅੱਜ ਤੀਜੇ ਦਿਨ ਵੀ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਰੱਖਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਅਤੇ ਬੀਬੀਆਂ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਲਾਕ ਆਗੂ ਹੁਸ਼ਿਆਰ ਸਿੰਘ, ਬਲਜੀਤ ਸਿੰਘ, ਮਾਸਟਰ ਸੁਖਦੇਵ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੂੰਬਾ ਅਤੇ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਕੌਮੀ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਤਾਜ਼ੇ ਫ਼ੈਸਲੇ ਮੁਤਾਬਕ 20, 21 ਅਤੇ 22 ਫਰਵਰੀ ਨੂੰ ਸਮੁੱਚੇ ਪੰਜਾਬ ਵਿੱਚ ਸਾਰੇ ਭਾਜਪਾ ਆਗੂਆਂ, ਸੰਸਦਾਂ ਮੈਂਬਰਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਦਿਨ ਰਾਤ ਰੋਸ ਧਰਨੇ ਲਾਏ ਜਾਣਗੇ ਅਤੇ ਸਾਰੇ ਟੌਲ ਪਲਾਜ਼ੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ, ਡਰੋਨ ਗੋਲੀਬਾਰੀ ਕਰਨ ਅਤੇ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡੇ ਜਾਣ ਅਤੇ ਇੰਟਰਨੈਟ ਬੰਦ ਕਰਨ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਕੇਂਦਰ ਨੇ ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ। ਕੇਂਦਰ ਸਰਕਾਰ ਦੀ ਇਹ ਨੀਤੀ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਹੈ।
ਮਹਿਲ ਕਲਾਂ (ਨਵਕਿਰਨ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਲਗਾਤਾਰ ਤੀਸਰੇ ਦਿਨ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿੱਚ ਟੌਲ ਪਲਾਜ਼ਾ ਪਰਚੀ ਮੁਕਤ ਰੱਖਿਆ ਗਿਆ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕੀਤੇ ਪੁਲੀਸ ਜਬਰ ਦੀ ਨਿਖੇਧੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜੱਜ ਸਿੰਘ ਗਹਿਲ, ਬੁੱਕਣ ਸਿੰਘ ਸੱਦੋਵਾਲ, ਕੁਲਦੀਪ ਸਿੰਘ, ਕੁਲਜੀਤ ਸਿੰਘ ਵਜੀਦਕੇ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮੰਗਾਂ ਮੰਨਣ ਦੀ ਬਜਾਏ ਪੁਲੀਸ ਤਸ਼ੱਦਦ ਕਰ ਰਹੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ); ਇੱਥੇ ਗੁਰਦੁਆਰਾ ਬੀਬੀ ਕਾਹਨ ਕੌਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਬੀਕੇਯੂ (ਕਾਦੀਆਂ) ਆਗੂ ਗੁਲਜ਼ਾਰ ਸਿੰਘ ਘੱਲਕਲਾਂ, ਪ੍ਰਗਟ ਸਿੰਘ ਸਾਫੂਵਾਲਾ, ਕੁੱਲ ਹਿੰਦ ਕਿਸਾਨ ਸਭਾ ਆਗੂ ਕੁਲਦੀਪ ਸਿੰਘ ਭੋਲਾ, ਕੌਮੀ ਕਿਸਾਨ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਬੁੱਕਣ ਵਾਲਾ ਬੀਕੇਯੂ ਲੱਖੋਵਾਲ ਦੇ ਆਗੂ ਭੁਪਿੰਦਰ ਸਿੰਘ ਦੌਲਤਪੁਰਾ, ਬੀਕੇਯੂ ਰਾਜੇਵਾਲ ਆਗੂ ਸੁਖਵਿੰਦਰ ਸਿੰਘ ਬਰਾਹਮਕੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ 20 ਫਰਵਰੀ ਤੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਸਾਹਮਣੇ ਤਿੰਨ ਰੋਜ਼ਾ ਦਿਨ ਰਾਤ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਅਤੇ ਦਾਰਾਪੁਰ ਤੇ ਕਮਾਲ ਕੇ ਵਾਲੇ ਟੌਲ ਪਲਾਜ਼ੇ ਵੀ ਮੁਫ਼ਤ ਕੀਤੇ ਜਾਣਗੇ।
ਇੱਥੇ ਬੀਕੇਯੂ ਏਕਤਾ ਉਗਰਾਹਾਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਸਥਿਤ ਪਿੰਡ ਦਾਰਾਪੁਰ ਟੌਲ ਪਲਾਜ਼ਾ ’ਤੇ ਤੀਜੇ ਦਿਨ ਵੀ ਧਰਨਾ ਦਿੱਤਾ ਗਿਆ।
ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਗੇ ਧਰਨਾ ਜਾਰੀ
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ ’ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸਥਾਨਕ ਰਿਹਾਇਸ਼ ਅੱਗੇ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਕਿਸਾਨ ਸੰਘਰਸ਼ ਨੂੰ ਜਿੱਤ ਵੱਲ ਲਿਜਾਣ ਲਈ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਮੈਦਾਨ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਹੈ। ਧਰਨੇ ਨੂੰ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ, ਖਜ਼ਾਨਚੀ ਭਗਤ ਸਿੰਘ ਛੰਨਾ, ਬਲਾਕ ਆਗੂ ਦਰਸ਼ਨ ਸਿੰਘ ਚੀਮਾ ਤੇ ਜਗਸੀਰ ਸਿੰਘ ਦੋਦੜਾ ਆਦਿ ਹਾਜ਼ਰ ਸਨ।