ਪਵਨ ਗੋਇਲ
ਭੁੱਚੋ ਮੰਡੀ, 16 ਦਸੰਬਰ
ਇਲਾਕੇ ਵਿੱਚ ਪਰਾਲੀ ਸਾੜੇ ਬਿਨਾਂ ਕਣਕ ਬੀਜਣ ਵਾਲੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲਗਪਗ ਅੱਧੀ ਦਰਜਨ ਪਿੰਡਾਂ ਵਿੱਚ ਸੁੰਡੀ ਨੇ ਕਣਕ ਦੀ ਖੜ੍ਹੀ ਫ਼ਸਲ ਖ਼ਰਾਬ ਕਰ ਦਿੱਤੀ ਹੈ। ਕਿਸਾਨਾਂ ਖ਼ਰਾਬ ਹੋਈ ਫ਼ਸਲ ਨੂੰ ਵਾਹ ਕੇ ਮੁੜ ਕਣਕ ਦੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਰਾਲੀ ਸਾੜ ਕੇ ਬੀਜੀ ਕਣਕ ਦੀ ਫਸਲ ਸਹੀ ਸਲਾਮਤ ਖੜ੍ਹੀ ਹੈ। ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਕਿਸਾਨ ਬਹਾਦਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 66 ਏਕੜ ਜ਼ਮੀਨ ਹੈ। ਇਸ ਵਿੱਚੋਂ 20 ਏਕੜ ਵਿੱਚ ਕਣਕ ਦੀ ਨਵੰਬਰ ਦੇ ਪਹਿਲੇ ਹਫ਼ਤੇ ਪਰਾਲੀ ਸਾੜੇ ਬਿਨਾਂ ਗੱਠਾਂ ਬਣਾ ਕੇ ਸੁਪਰ ਸੀਡਰ ਨਾਲ ਬਿਜਾਈ ਕੀਤੀ ਸੀ ਜੋ ਸੁੰਡੀ ਪੈਣ ਕਾਰਨ ਬਰਬਾਦ ਹੋ ਗਈ ਜਿਸ ਨੂੰ ਵਾਹ ਕੇ ਜ਼ੀਰੋ ਡਰਿੱਲ ਨਾਲ ਮੁੜ ਬਿਜਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਬਿਜਾਈ ਤੋਂ 20 ਕੁ ਦਿਨਾਂ ਬਾਅਦ ਹੀ ਸੁੰਡੀ ਪੈਦਾ ਹੋ ਗਈ ਸੀ। ਉਨ੍ਹਾਂ ਨੇ ਛੇ ਸਪਰੇਆਂ ਵੀ ਕੀਤੀਆਂ ਪਰ ਸੁੰਡੀ ਨਹੀਂ ਮਰੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਾਲੀ ਦੀਆਂ ਗੱਠਾਂ ਬਣਵਾਉਣ, ਮੁੜ ਬਿਜਾਈ ਕਰਨ ਅਤੇ ਸਪਰੇਆਂ ’ਤੇ ਕਰੀਬ ਸਵਾ ਲੱਖ ਰੁਪਏ ਖਰਚਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਾਲੀ ਸਾੜ ਕੇ 46 ਏਕੜ ਵਿੱਚ ਕਣਕ ਦੀ ਫ਼ਸਲ ਬੀਜੀ ਸੀ ਜੋ ਬਹੁਤ ਵਧੀਆ ਖੜ੍ਹੀ ਹੈ। ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਵਿਭਾਗ ਬਲਾਕ ਨਥਾਣਾ ਦੇ ਏਡੀਓ ਗੁਰਪ੍ਰੀਤ ਸਿੰਘ ਅਤੇ ਜਗਤ ਸਿੰਘ ਨੇ ਕਿਹਾ ਕਿ ਸੁੰਡੀ ਪੈਦਾ ਹੋਣ ਦਾ ਮੁੱਖ ਕਾਰਨ ਪਰਾਲੀ ਨਾ ਸਾੜਨਾ ਨਹੀਂ ਹੈ ਬਲਕਿ ਨਵੰਬਰ ਮਹੀਨੇ ਵਿੱਚ ਕਣਕ ਦੀ ਫਸਲ ਦੇ ਅਨੁਕੂਲ ਠੰਢ ਨਾ ਹੋਣਾ ਅਤੇ ਮੌਸਮ ਵਿੱਚ ਗਰਮਾਹਟ ਰਹਿਣਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਨੂੰ ਜਲਦੀ ਪਾਣੀ ਲਾਉਣ ਨਾਲ ਵੀ ਸੁੰਡੀ ਪੈਦਾ ਹੋਣ ਦੇ ਆਸਾਰ ਬਣਦੇ ਹਨ ਅਤੇ ਕਣਕ ਦੀਆਂ ਪੱਤੀਆਂ ਪੀਲੀਆਂ ਪੈ ਜਾਂਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਸਾਰੀ ਕਣਕ ਬੀਜਣ ਦੀ ਬਜਾਇ ਖਰਾਬ ਹੋਏ ਹਿੱਸਿਆਂ ਵਿੱਚ ਹੀ ਬਿਜਾਈ ਕਰਨ। ਉਨ੍ਹਾਂ ਮੰਨਿਆ ਕਿ ਇਹ ਸਮੱਸਿਆ ਕਈ ਪਿੰਡਾਂ ਵਿੱਚ ਹੈ। ਉਹ ਪਿੰਡ ਤੁੰਗਵਾਲੀ ਅਤੇ ਲਹਿਰਾ ਬੇਗਾ ਵਿੱਚ ਵੀ ਫਸਲ ਦਾ ਨਿਰੀਖਣ ਕਰਕੇ ਆਏ ਹਨ।
ਇਸ ਮੌਕੇ ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਮੀਤ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਜਿਹੜੇ ਅਧਿਕਾਰੀ ਖੇਤਾਂ ਵਿੱਚ ਦੌਰੇ ਕਰਕੇ ਪਰਾਲੀ ਸਾੜਣ ਵਾਲੇ ਕਿਸਾਨਾਂ ’ਤੇ ਪਰਚੇ ਦਰਜ ਕਰ ਰਹੇ ਸਨ ਅਤੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀਆਂ ਸਲਾਹਾਂ ਦੇ ਰਹੇ ਸਨ, ਉਹ ਹੁਣ ਖੇਤਾਂ ਵਿੱਚ ਆ ਕੇ ਦੇਖਣ ਕਿ ਇਸ ਦੇ ਕੀ ਨਤੀਜੇ ਨਿਕਲੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਾਲੀ ਸਾੜੇ ਬਿਨਾਂ ਕਣਕ ਦੀ ਸਫਲ ਬਿਜਾਈ ਦੇ ਠੋਸ ਪ੍ਰਬੰਧ ਕੀਤੇ ਜਾਣ।
ਮਾਨਸਾ ਦੇ ਕਈ ਪਿੰਡ ਸੁੰਡੀ ਦੀ ਲਪੇਟ ਵਿਚ ਆਏ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਹੁਣ ਹਾੜ੍ਹੀ ਦੀ ਮੁੱਖ ਫ਼ਸਲ ਕਣਕ ’ਤੇ ਸੁੰਡੀ ਨੇ ਹਮਲਾ ਕਰ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਵੱਲੋਂ ਕੁਝ ਕੁ ਥਾਵਾਂ ਉਤੇ ਇਸ ਹਮਲੇ ਨੂੰ ਸਵੀਕਾਰਿਆ ਗਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਝੋਨੇ ਵਾਲੇ ਖੇਤਾਂ ਵਿੱਚ ਅਕਸਰ ਹੀ ਕਣਕ ਦੇ ਉਗਣ ਸਮੇਂ ਆ ਜਾਂਦਾ ਹੈ, ਜਿਸ ਦੇ ਪਹਿਲਾ ਪਾਣੀ ਲਾਉਣ ਨਾਲ ਇਹ ਠੀਕ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਮਲੇ ਵਾਲੇ ਖੇਤਾਂ ਵਿੱਚ ਖੜ੍ਹੀ ਕਣਕ ਵਿਰਲੀ ਵਿਖਾਈ ਦੇਣ ਲੱਗੀ ਹੈ। ਇਹ ਹਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ, ਫਫੜੇ ਭਾਈਕੇ, ਬੱਪੀਆਣਾ, ਕੋਟਲੱਲੂ, ਟਿੱਬੀ ਹਰੀ ਸਿੰਘ, ਭੈਣੀਬਾਘਾ, ਗੁਰਨੇ, ਘਰਾਂਗਣਾ, ਮੂਸਾ, ਭੰਮੇ ਖੁਰਦ ਸਮੇਤ ਇੱਕ ਦਰਜਨ ਤੋਂ ਵੱਧ ਹੋਰਨਾਂ ਥਾਵਾਂ ਤੋਂ ਹੋਣ ਦੀਆਂ ਸੂਚਨਾਵਾਂ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਹਨ ਅਤੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀ ਮਹਿਕਮੇ ਦੇ ਮਾਹਿਰਾਂ ਵੱਲੋਂ ਪਿੰਡਾਂ ਵਿੱਚ ਵਿਸ਼ੇਸ਼ ਦੌਰੇ ਕਰਨ ਦਾ ਭਰੋਸਾ ਦਿਵਾਇਆ ਹੈ। ਖੇਤੀਬਾੜੀ ਵਿਭਾਗ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਕੁਝ ਥਾਵਾਂ ਤੋਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਅਤੇ ਪਾਣੀ ਲਾਉਣ ਤੋਂ ਮਗਰੋਂ ਇਹ ਬਰੀਕ ਸੁੰਡੀਆਂ ਜਾਂ ਤਾਂ ਆਪਣੇ ਆਪ ਖ਼ਤਮ ਹੋ ਜਾਂਦੀਆਂ ਹਨ ਜਾਂ ਫਿਰ ਇਹਨਾਂ ਨੂੰ ਮਿੱਤਰ ਪੰਛੀ ਅਤੇ ਮਿੱਤਰ ਕੀੜੇ ਖਾਕੇ ਖ਼ਤਮ ਕਰ ਦਿੰਦੇ ਹਨ। ਡਾ. ਜੀ. ਐਸ ਰੋਮਾਣਾ ਨੇ ਦੱਸਿਆ ਕਿ ਜਿਹੜੇ ਖੇਤ ਵਿੱਚ ਹਮਲਾ ਕਿਸਾਨਾਂ ਨੂੰ ਨਜ਼ਰ ਆਉਂਦਾ ਹੈ, ਉਥੇ ਕਣਕ ਨੂੰ ਪਹਿਲਾ ਪਾਣੀ ਲਾਕੇ ਕਲੋਰੋਪੈਰੀਫਾਸਟ ਦੀ ਸਪਰੇਅ ਕਰਨ ਨਾਲ ਜਾਂ ਲੱਗੇ ਹੋਏ ਪਾਣੀ ਵਿੱਚ ਸਪਰੇਅ ਛਿੜਕਣ ਨਾਲ ਵੀ ਇਸ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਂਦਾ ਹੈ।