ਨਵਕਿਰਨ ਸਿੰਘ
ਮਹਿਲ ਕਲਾਂ, 23 ਅਪਰੈਲ
ਅਨਾਜ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਖੱਜਲ ਖੁਆਰ ਹੋ ਰਹੇ ਕਿਸਾਨਾਂ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਰਨਾਲਾ-ਲੁਧਿਆਣਾ ਮੁੱਖ ਮਾਰਗ ਜਾਮ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਖ੍ਰੀਦੀਆਂ ਫ਼ਸਲਾਂ ਦੀ ਅਦਾਇਗੀ ਕੀਤੀ ਜਾਵੇ।
ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਮਹਿਲ ਕਲਾਂ, ਜਗਰਾਜ ਸਿੰਘ ਹਰਦਾਸਪੁਰਾ, ਸ਼ਮਸ਼ੇਰ ਸਿੰਘ ਹੁੰਦਲ, ਮੰਗਤ ਸਿੰਘ ਸਿੱਧੂ, ਬਾਬਾ ਸ਼ੇਰ ਸਿੰਘ ਖ਼ਾਲਸਾ ਆਦਿ ਨੇ ਕਿਹਾ ਕਿ ਪਿਛਲੇ 13 ਦਿਨਾਂ ਤੋਂ ਕਿਸਾਨ ਦਾਣਾ ਮੰਡੀਆਂ ਵਿੱਚ ਰੁਲ ਰਹੇ ਹਨ।
ਝੁਨੀਰ (ਸੁਰਜੀਤ ਵਸ਼ਿਸ਼ਟ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਕਿਸਾਨਾਂ ਵੱਲੋਂ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਦੀ ਸਰਪ੍ਰਸਤੀ ਅਧੀਨ ਕਸਬਾ ਝੁਨੀਰ ਦੀ ਦਾਣਾ ਮੰਡੀ ਵਿੱਚ ਇੱਕ ਹਫ਼ਤੇ ਤੋਂ ਹੀ ਚੱਲਦੀ ਕਣਕ ਦੀ ਬਾਰਦਾਨੇ ਦੀ ਘਾਟ ਨੂੰ ਲੈ ਕੇ ਮੰਡੀ ਕੋਲ ਮਾਨਸਾ-ਸਿਰਸਾ ਮੁੱਖ ਸੜਕ ’ਤੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਬਾਅਦ ਵਿੱਚ ਨਾਇਬ ਤਹਿਸੀਲਦਾਰ ਦੇ ਦਫ਼ਤਰ ਝੁਨੀਰ ਅੱਗੇ ਧਰਨਾ ਦਿੱਤਾ ਗਿਆ। ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਜਦੋਂ ਕਿਸਾਨਾਂ ਨੂੰ ਪੁਰਾਣਾ ਬਾਰਦਾਨਾ ਲੋੜ ਅਨੁਸਾਰ ਲਿਆਉਣ ਦਾ ਵਾਅਦਾ ਕੀਤਾ ਤਾਂ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਪੇਂਡੂ ਖਰੀਦ ਕੇਂਦਰਾਂ ’ਤੇ ਕਣਕ ਦੀ ਸਹੀ ਖਰੀਦ ਨਾ ਹੋਣ ਅਤੇ ਬਾਰਦਾਨੇ ਦੀ ਪੂਰਤੀ ਨਾ ਹੋਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਇੱਥੇ ਡਰੇਨ ’ਤੇ ਅਣਮਿੱਖੇ ਸਮੇਂ ਦਾ ਧਰਨਾ ਦੇ ਕੇ ਸੜਕ ਜਾਮ ਕੀਤੀ ਗਈ। ਸਾਂਝਾ ਕਿਸਾਨ ਮੋਰਚਾ ਦੇ ਬੁਲਾਰੇ ਤਾਰਾ ਚੰਦ ਬਰੇਟਾ ਨੇ ਦੱਸਿਆ ਕਿ ਪਹਿਲਾਂ ਵੀ ਸੰਕੇਤਕ ਧਰਨਾ ਕਈ ਦਿਨ ਪਹਿਲਾਂ ਦਿੱਤਾ ਗਿਆ ਸੀ ਪਰ ਭਰੋਸੇ ਮਗਰੋਂ ਵੀ ਮਸਲਾ ਹੱਲ ਨਾ ਹੋਣ ਕਾਰਨ ਦੁਬਾਰਾ ਧਰਨਾ ਲਾਉਣਾ ਪੈ ਰਿਹਾ ਹੈ। ਸ਼ਾਮ ਤੱਕ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਮਗਰੋਂ ਧਰਨਾ ਚੁੱਕ ਲਿਆ ਗਿਆ|