ਪ੍ਰਮੋਦ ਕੁਮਾਰ ਸਿੰਗਲਾ/ਦਲਜੀਤ ਸਿੰਘ ਸੰਧੂ
ਸ਼ਹਿਣਾ/ਸੰਘਾ, 16 ਜੁਲਾਈ
ਕਸਬਾ ਸ਼ਹਿਣਾ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ 4 ਕਿੱਲੇ ਮੂੰਗੀ ਦੀ ਫਸਲ ਅਤੇ ਸੰਘਾ ਨੇੜਲੇ ਪਿੰਡ ਆਹਲੂਪੁਰ ਦੇ ਕਿਸਾਨ ਦਿਆਲ ਸਿੰਘ ਪੁੱਤਰ ਅਰਜਨ ਸਿੰਘ ਨੇ ਢਾਈ ਏਕੜ ਨਰਮੇ ਦੀ ਫਸਲ ਅੱਜ ਵਾਹ ਦਿੱਤੀ। ਇਹ ਦੋਵੇਂ ਕਿਸਾਨ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਸਨ। ਇਨ੍ਹਾਂ ਦੀ ਫਸਲ ਚਿੱਟੀ ਮੱੱਖੀ/ਮੱਛਰ ਤੇ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਸੀ।
ਸ਼ਹਿਣਾ ਦੇ ਕਿਸਾਨ ਦਰਸ਼ਨ ਸਿੰਘ ਤੇ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ। ਉਸ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਪ੍ਰਭਾਵਿਤ ਫਸਲ ਵੀ ਦੇਖੀ ਸੀ। ਉਨ੍ਹਾਂ ਦੀ ਸਲਾਹ ’ਤੇ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ ਪ੍ਰੰਤੂ ਚਿੱਟੀ ਮੱਖੀ ਦਾ ਕੋਈ ਹੱਲ ਨਹੀਂ ਹੋਇਆ। ਕਿਸਾਨ ਜਰਨੈਲ ਸਿੰਘ, ਚੰਦ ਸਿੰਘ, ਰੂਪ ਸਿੰਘ, ਬਹਾਦਰ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ, ਹਾਕਮ ਸਿੰਘ ਨੇ ਸਰਕਾਰ ਤੋਂ ਕਿਸਾਨ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਿੰਡ ਆਹਲੂਪੁਰ ਦੇ ਕਿਸਾਨ ਦਿਆਲ ਸਿੰਘ ਪੁੱਤਰ ਅਰਜਨ ਸਿੰਘ ਨੇ ਦੱਸਿਆ ਕਿ ਉਸ ਨੇ ਢਾਈ ਏਕੜ ਜ਼ਮੀਨ ਤਕਰੀਬਨ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਨਰਮਾ ਖ਼ਤਮ ਹੋ ਰਿਹਾ ਸੀ, ਜਿਸ ਕਰਕੇ ਅੱਜ ਉਸ ਨੇ ਦੁਖੀ ਹੋ ਕੇ ਆਪਣੀ ਨਰਮੇ ਦੀ ਫਸਲ ਵਾਹ ਦਿੱਤੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਨੂੰ 60 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਵੀ ਗੁਲਾਬੀ ਸੁੰਡੀ ਦਾ ਕਹਿਰ ਪਿਆ ਸੀ ਪਰ ਸਰਕਾਰ ਨੇ ਨਾ ਮਾਤਰ 17 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਇਆ ਸੀ ਅਤੇ ਹੁਣ ਵੀ ਸਰਕਾਰ ਨੂੰ ਨਰਮੇ ਦੀ ਫ਼ਸਲ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਸਰਕਾਰ ਤੋਂ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਖਾਤਮੇ ਲਈ ਯੋਗ ਕਦਮ ਚੁੱਕਣ ਦੀ ਅਪੀਲ ਵੀ ਕੀਤੀ।
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਵਾਂਗੇ: ਖੇਤੀਬਾੜੀ ਅਫਸਰ
ਖੇਤੀਬਾੜੀ ਅਫਸਰ ਗੁਰਿੰਦਰਜੀਤ ਸਿੰਘ ਏਡੀਓ, ਸਰਦੂਲਗੜ੍ਹ ਦਾ ਕਹਿਣਾ ਹੈ ਕੇ ਸਮੇਂ ਸਮੇਂ ਪਿੰਡ ਆਹਲੂਪੁਰ ਵਿਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਕੈਂਪ ਲਗਾਏ ਗਏ ਸਨ। ਇਸ ਦੇ ਬਾਵਜੂਦ ਜੇਕਰ ਕਿਸਾਨ ਨੂੰ ਨਰਮਾ ਵਾਹੁਣ ਦੀ ਨੌਬਤ ਆਈ ਹੈ ਤਾਂ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਕੀ ਕਹਿੰਦੇ ਹਨ ਅਧਿਕਾਰੀ
ਬਲਾਕ ਖੇਤੀਬਾੜੀ ਅਫਸਰ, ਸ਼ਹਿਣਾ ਗੁਰਚਰਨ ਸਿੰਘ ਨੇ ਦੱਸਿਆ ਕਿ ਖੇਤ ’ਚ ਚਿੱਟੀ ਮੱਖੀ, ਵਾਇਰਸ ਅਤੇ ਨਦੀਨ ਹੋ ਗਏ ਸਨ। ਇਸੇ ਕਾਰਨ ਮੂੰਗੀ ਦੀ ਫਸਲ ਖਰਾਬ ਹੋਈ ਹੈ।