ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਨਵੰਬਰ
ਖੇਤੀ ਕਾਨੂੰਨ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਬੀਕੇਯੂ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਅਡਾਨੀ ਅਨਾਜ ਆਧੁਨਿਕ ਭੰਡਾਰ ਅੱਗੇ ਚੱਲ ਰਹੇ ਧਰਨੇ ਦੌੌਰਾਨ ਰੋਹ ’ਚ ਆਏ ਕਿਸਾਨਾਂ ਨੇ ਚੌਲਾਂ ਦਾ ਭਰਿਆ ਟਰੱੱਕ ਘੇਰ ਲਿਆ। ਟਰੱਕ ਚਾਲਕ ਕੋਲ ਚੌਲਾਂ ਸਬੰਧੀ ਨਾ ਕੋਈ ਬਿਲਟੀ ਸੀ, ਨਾ ਬਿੱਲ ਸਨ। ਦੇਰ ਸ਼ਾਮ ਨੂੰ ਇਹ ਟਰੱੱਕ ਸਦਰ ਪੁਲੀਸ ਨੂੰ ਸੌਂਪ ਦਿੱਤਾ ਗਿਆ। ਬੀਕੇਯੂ ਆਗੂ ਬਲੌਰ ਸਿੰਘ ਘਾਲੀ ਤੇ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਉੱੱਤਰ ਪ੍ਰਦੇਸ਼ ਤੋਂ ਚੌਲਾਂ ਦਾ ਭਰਿਆ ਇਹ ਟਰੱਕ ਬਿਨਾਂ ਕਿਸੇ ਬਿਲਟੀ ਤੇ ਬਿੱਲ ਤੋਂ ਪੰਜਾਬ ਵਿੱੱਚ ਦਾਖਲ ਹੋਣ ਨਾਲ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਪੁਲੀਸ ਤੋਂ ਇਲਾਵਾ ਪੰਜਾਬ-ਹਰਿਆਣਾ ਦੀ ਉੱਤੇ ਬੈਰੀਅਰ ਅਤੇ ਕਰ ਵਿਭਾਗ ਅਧਿਕਾਰੀ 24 ਘਟੇ ਡਿਊਟੀ ਉੱਤੇ ਹੁੰਦੇ ਹਨ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਾਹਰਲੇ ਰਾਜਾਂ ਤੋਂ ਝੋਨਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਵੀ ਵੱਡੀ ਗਿਣਤੀ ’ਚ ਕਿਸਾਨਾਂ ਨੇ ਝੋਨੇ ਨਾਲ ਭਰੇ ਟਰੱਕ ਰੋਕੇ ਸਨ। ਕਿਸਾਨਾਂ ਨੂੰ ਇਹ ਸ਼ੱਕ ਸੀ ਕਿ ਬਾਹਰੀ ਰਾਜ ਤੋਂ ਚੌਲਾਂ ਦਾ ਭਰਿਆ ਇਹ ਟਰੱਕ ਅਡਾਨੀ ਅਨਾਜ ਭੰਡਾਰ ਵਿੱਚ ਆਇਆ ਹੈ। ਇਸ ਕਾਰਨ ਕਿਸਾਨ ਰੋਹ ਵਿੱਚ ਆ ਗਏ ਅਤੇ ਟਰੱੱਕ ਦੀ ਘੇਰਾ ਬੰਦੀ ਕਰ ਲਈ। ਟਰੱਕ ਚਾਲਕ ਦੀ ਪੁੱਛ ਪੜਤਾਲ ਤੋਂ ਪਤਾ ਲੱੱਗਿਆ ਕਿ ਇਹ ਟਰੱਕ ਨਿਹਾਲ ਸਿੰਘ ਵਾਲਾ ਵਿੱਚ ਇੱਕ ਚੌਲ ਮਿੱਲ ਮਾਲਕ ਵੱਲੋਂ ਮਿੱਲ ਵਿੱਚੋਂ ਸਰਕਾਰੀ ਚੌਲਾਂ ਦੀ ਘਾਟ ਪੂਰੀ ਕਰਨ ਲਈ ਉੱੱਤਰ ਪ੍ਰਦੇਸ਼ ਤੋਂ ਸਸਤੇ ਭਾਅ ਵਿੱਚ ਮੰਗਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੋਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਪੰਜਾਬ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ।