ਭਾਰਤ ਭੂਸ਼ਣ ਆਜ਼ਾਦ
ਕੋਟਕਪੂਰਾ, 28 ਸਤੰਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਜੱਦੀ ਰਿਹਾਇਸ਼ ਸੰਧਵਾਂ ਨੂੰ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਘੇਰ ਲਿਆ ਤੇ ਤਿੱਖੀ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਸਪੀਕਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਰਿਹਾਇਸ਼ ਮੂਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। ਬਿੰਦਰ ਸਿੰਘ ਗੋਲੇਵਾਲੀ ਸੂੁਬਾਈ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪੰਜ ਜ਼ਿਲ੍ਹਿਆਂ, ਫ਼ਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ ਅਤੇ ਤਰਨ ਤਾਰਨ ਤੋਂ ਕਿਸਾਨ ਆਪੋ-ਆਪਣੇ ਟਰੈਕਟਰਾਂ ’ਤੇ ਪਹੁੰਚੇ। ਕਿਸਾਨਾਂ ਨੇ ਸਪੀਕਰ ਕੇ ਘਰ ਦੀ ਆਵਾਜਾਈ ਬੰਦ ਕਰਦਿਆਂ ਉਨ੍ਹਾਂ ਦੇ ਦਰਵਾਜ਼ੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਦੁਪਿਹਰ 11 ਤੋਂ ਸ਼ਾਮ 4 ਵਜੇ ਤੱਕ ਧਰਨਾ ਜਾਰੀ ਰਿਹਾ। ਉਪਰੰਤ ਕਿਸਾਨ ਸਪੀਕਰ ਸੰਧਵਾਂ ਨੂੰ ਚਿਤਾਵਨੀ ਦੇ ਕੇ ਧਰਨੇ ਤੋਂ ਉੱਠ ਗਏ। ਕਿਸਾਨ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਪੰਜਾਬ ਅੰਦਰ ਖੇਤਾਂ ਵਿਚ ਮੋਟਰਾਂ ਅਤੇ ਟਰਾਂਸਫਾਰਮ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਧ ਰਹੀਆਂ ਹਨ। ਕਿਸਾਨਾਂ ਨੂੰ ਇਸ ਦੀ ਆਰਥਿਕ ਮਾਰ ਪੈ ਰਹੀ ਹੈ। ਉਨ੍ਹਾਂ ਵੱਲੋਂ ਇਸ ਸਬੰਧ ਵਿਚ ਡੀਸੀ ਦਫ਼ਤਰ ਵਿਖੇ ਲੰਘੀ 14 ਸਤੰਬਰ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪ੍ਰੰਤੂ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਦੱਸਿਆ ਕਿ ਕੁਲਤਾਰ ਸਿੰਘ ਅਤੇ ਵਿਧਾਇਕ ਗੁਰਦਿੱਤ ਸੇਖੋਂ ਕਿਸੇ ਸਮੇਂ ਕਿਸਾਨਾਂ ਨਾਲ ਧਰਨੇ ਲਾਉਂਦੇ ਸਨ ਪ੍ਰੰਤੂ ਸੰਧਵਾ ਨੇ ਆਪਣੀ ਰਿਹਾਇਸ਼ ਕੋਟਕਪੂਰੇ ਤੋਂ ਚੰਡੀਗੜ੍ਹ ਸ਼ਿਫਟ ਕਰਕੇ ਸੱਤਾ ਦਾ ਸੁੱਖ ਮਾਣਦਿਆਂ ਲੋਕ ਮੰਗਾਂ ਤੋਂ ਮੂੰਹ ਮੋੜ ਲਿਆ। ਕਿਸਾਨ ਇਸ ਸਬੰਧ ਵਿਚ ਅਧਿਕਾਰੀਆਂ ਨੂੰ ਆਪਣੇ ਮੰਗ ਪੱਤਰ ਸੌਂਪ ਚੁੱਕੇ ਹਨ ਤੇ ਹੁਣ ਸੱਤਾਧਾਰੀ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਕਿਸਾਨ ਆਗੂ ਅੰਮ੍ਰਿਤਪਾਲ ਸਿੰਘ ਤਰਨਤਾਰਨ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਪ੍ਰਤੀ ਆਪਣੇ ਕੰਮਕਾਜ ਛੱਡ ਕੇ ਲੀਡਰਾਂ ਦੇ ਘਰਾਂ ਅੱਗੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਹੋ ਬਦਲਾਅ ਹੁੰਦਾ ਹੈ। ਉਸ ਨੇ ਦੱਸਿਆ ਕਿ ਅੱਜ ਦੇ ਧਰਨੇ ਵਿਚ ਉਹ ਕਿਸਾਨ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਪੰਜ-ਪੰਜ ਮੋਟਰਾਂ ਤੇ ਟਰਾਂਸਫਾਰਮ ਚੋਰੀ ਹੋਏ ਤੇ ਉਹ ਥਾਣਿਆਂ ਵਿਚ ਗੇੜੇ ਮਾਰ-ਮਾਰ ਕੇ ਅੱਕ ਚੁੱਕੇ ਪ੍ਰੰਤੂ ਪੁਲੀਸ ਨੇ ਚੋਰੀ ਦੇ ਮੁਕੱਦਮੇ ਦਰਜ ਨਹੀਂ ਕੀਤੇ।
ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਧਰਨਾ
ਝੁਨੀਰ (ਜੀਵਨ ਸਿੰਘ ਝੁਨੀਰ): ਬੀਤੇ ਦਿਨੀ ਹੋਈ ਬੇ-ਮੌਸਮੀ ਬਰਸਾਤ ਨਾਲ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਅਤੇ ਮੀਂਹ ਕਾਰਨ ਡਿੱਗੇ ਮਕਾਨਾਂ ਦਾ ਸਰਵਾ ਕਰਵਾ ਕੇ ਵਿੱਤੀ ਮਦਦ ਲੈਣ ਲਈ ਤਹਿਸੀਲਦਾਰ ਝੁਨੀਰ ਦੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਧਰਨਾ ਦਿੱਤਾ ਗਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਂਵੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਆਰਥਿਕ ਨੁਕਸਾਨ ਉਠਾਉਣਾ ਪਿਆ ਪਰ ਹੁਣ ਦੂਹਰੀ ਮਾਰ ਬੇ-ਮੌਸਮੇ ਮੀਂਹ ਨੇ ਕੀਤੀ ਹੈ। ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਨਰਮੇ ਦੀਆਂ ਜੜ੍ਹਾਂ ਗਲ ਕੇ ਪਾਣੀ ਵਿੱਚ ਡਿੱਗ ਚੁੱਕਾ ਹੈ ਅਤੇ ਲੱਗਾ ਫਲ ਵੀ ਕਾਲਾ ਹੋ ਚੁੱਕਾ ਹੈ, ਇਹੀ ਹਾਲ ਝੋਨੇ ਅਤੇ ਗੁਬਾਰੇ ਦਾ ਹੈ। ਜ਼ਿਲਾ ਜਨਰਲ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਜੋ ਘਰ ਡਿੱਗੇ ਹਨ, ਸਰਕਾਰ ਉਨ੍ਹਾਂ ਦਾ ਸਰਵੇ ਕਰਵਾ ਕੇ ਫੌਰੀ ਤੌਰ ’ਤੇ ਵਿੱਤੀ ਮਦਦ ਕਰੇ। ਝੁਨੀਰ ਬਲਾਕ ਪ੍ਰਧਾਨ ਗੁਰਚਰਨ ਸਿੰਘ ਉੱਲਕ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਸਮੇਂ ਨਾਇਬ ਤਹਿਸੀਲਦਾਰ ਨੇ ਆਕੇ ਮੰਗ ਪੱਤਰ ਲਿਆ ਅਤੇ ਧਰਨਾਕਾਰੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੰਗ ਸਰਕਾਰ ਕੋਲ ਭੇਜਣ ਦਾ ਵਿਸ਼ਵਾਸ ਦਿਵਾਇਆ । ਇਸ ਸਮੇਂ ਝੁਨੀਰ ਬਲਾਕ ਆਗੂ ਜਸਕਰਨ ਸਿੰਘ ਭਲਾਈਕੇ, ਰਣਜੀਤ ਸਿੰਘ ਬੁਰਜ, ਬਲਵਿੰਦਰ ਸਿੰਘ ਭੰਮੇ ਖੁਰਦ, ਅਜੈਬ ਸਿੰਘ, ਮੇਲਾ ਸਿੰਘ ਰਾਏਪੁਰ, ਮਿੱਠੂ ਸਿੰਘ ਪੇਰੋਂ, ਰੂਪ ਸਿੰਘ, ਵਰਿਆਮ ਸਿੰਘ ਖਿਆਲਾ, ਹਰਮੀਤ ਸਿੰਘ ਝੰਡਾ ਕਲਾਂ ਅਤੇ ਜਗਦੇਵ ਸਿੰਘ ਕੋਟਲੀ ਆਦਿ ਨੇ ਸੰਬੋਧਨ ਕੀਤਾ।