ਜੋਗਿੰਦਰ ਸਿੰਘ ਮਾਨ
ਮਾਨਸਾ, 29 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲਵਾ ਖੇਤਰ ਵਿੱਚ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਦਿੱਤੇ ਜਾ ਰਹੇ ਧਰਨਿਆਂ ਨੂੰ ਠੰਢ ਦੇ ਬਾਵਜੂਦ ਅਣਮਿਥੇ ਸਮੇਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਵੱਲੋਂ ਇਹ ਧਰਨੇ 20 ਦਸੰਬਰ ਤੋਂ ਆਰੰਭ ਕੀਤੇ ਗਏ ਹਨ ਅਤੇ ਪਹਿਲਾਂ ਇਹ ਪੰਜ ਦਿਨਾਂ ਲਈ ਲਾਉਣ ਦਾ ਫੈਸਲਾ ਹੋਇਆ, ਪਰ ਸਰਕਾਰੀ ਬੇਰੁਖੀ ਨੂੰ ਵੇਖਦਿਆਂ ਹੋਇਆ ਇਹ 30 ਦਸੰਬਰ ਤੱਕ ਵਧਾਏ ਗਏ ਸਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲਾ ਅਨੁਸਾਰ ਡੀਸੀ ਦਫ਼ਤਰਾਂ ਦੇ ਘਿਰਾਓ ਤੇ ਧਰਨਿਆਂ ਨੂੰ ਜਾਰੀ ਰੱਖਿਆ ਜਾਵੇਗਾ।
ਮਾਨਸਾ ਦੇ ਡੀ.ਸੀ ਦਫ਼ਤਰ ਅੱਗੇ ਲੱਗੇ ਧਰਨੇ ਦੌਰਾਨ ਸ੍ਰੀ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਮੰਗਾਂ ਲਈ ਲੱਗੇ ਮੋਰਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲਿਆਂ ਕਰਨ ਦੀ ਅਪਣਾਈ ਨੀਤੀ ਖ਼ਿਲਾਫ਼ ਪੰਜਾਬ ਸਰਕਾਰ ਪ੍ਰਤੀ ਕਿਸਾਨਾਂ ਦਾ ਗੁੱਸਾ ਹੋਰ ਵਧਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੀਂ ਸ਼ਰਤ ਮੜਦਿਆਂ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਕਿਸੇ ਵੀ ਕਿਸਾਨ ਨੂੰ ਨਰਮਾ ਦੀ ਫ਼ਸਲ ਦਾ ਪੰਜ ਏਕੜ ਤੋਂ ਵੱਧ ਮੁਆਵਜ਼ਾ ਨਾ ਦਿੱਤਾ ਜਾਵੇ, ਕਿਸਾਨ ਵਿਰੋਧੀ ਫ਼ੈਸਲਾ ਹੈ। ਇਸ ਸਮੇਂ ਇੰਦਰਜੀਤ ਸਿੰਘ ਝੱਬਰ, ਉਤਮ ਸਿੰਘ ਰਾਮਾਨੰਦੀ, ਕਰਮਜੀਤ ਕੌਰ ਕਿਸਨਗੜ੍ਹ, ਰਾਣੀ ਕੌਰ ਭੰਮੇ ਨੇ ਵੀ ਸੰਬੋਧਨ ਕੀਤਾ।
ਸ਼ਹਿਣਾ (ਪ੍ਰਮੋਦ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜ਼ੇ ’ਤੇ ਚੱਲ ਰਿਹਾ ਧਰਨਾ ਜਾਰੀ ਰਿਹਾ। ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਤੇਜਾ ਸਿੰਘ, ਭੋਲਾ ਸਿੰਘ, ਭੀਮਾ ਸਿੰਘ, ਹਰਬੰਸ ਸਿੰਘ ਨੇ ਦੱਸਿਆ ਕਿ ਸਰਮਾਏਦਾਰ ਘਰਾਣਿਆਂ ਦੀ ਲੁੱਟ ਖਿਲਾਫ਼ ਚੱਲੀ ਮੁਹਿੰਮ ਹੁਣ ਦੂਜੇ ਸੂਬਿਆਂ ਵਿਚ ਵੀ ਪਹੁੰਚ ਗਈ ਹੈ। ਟੌਲ ਪਲਾਜ਼ੇ ’ਤੇ ਧਰਨੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਰਾਜਵਿੰਦਰ ਸਿੰਘ ਮੱਲੀ, ਜੀਤ ਸਿੰਘ ਭੋਤਨਾ, ਬਿੰਦਰ ਸਿੰਘ, ਪਾਲ ਕੌਰ, ਅਮਰਜੀਤ ਕੌਰ ਪੱਖੋਕੇ ਵੀ ਹਾਜ਼ਰ ਸਨ।
ਬਰਨਾਲਾ (ਪਰਸ਼ੋਤਮ ਬੱਲੀ): ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਡੀਸੀ ਦਫ਼ਤਰ ਵਿਚ ਲੱਗੇ ਪੱਕੇ ਧਰਨੇ ਦੇ ਦਸਵੇਂ ਦਿਨ ਪੂਰੇ ਡੀਸੀ ਕੰਪਲੈਕਸ ਦਾ ਘਿਰਾਓ ਕੀਤਾ ਗਿਆ। ਇਸੇ ਕੰਪਲੈਕਸ ਅੰਦਰ ਐਸਡੀਐਮ ਦਫ਼ਤਰ ਦੇ ਗੇਟ ਅੱਗੇ ਵੀ ਧਰਨਾ ਕਿਸਾਨਾਂ ਲਗਾ ਦਿੱਤਾ। ਆਗੂਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੇ ਸੂਬਾ ਆਗੂਆਂ ਮੀਟਿੰਗ ਦਾ ਸਮਾਂ ਮੁਕੱਰਰ ਕਰ ਕੇ ਆਪ ਚੋਣ ਰੈਲੀਆਂ ’ਚ ਭਾਸਣਬਾਜ਼ੀ ਕਰਦੇ ਨਜ਼ਰ ਆਉਂਦੇ ਹਨ। 30 ਦਸੰਬਰ ਦੀ ਰੱਖੀ ਮੀਟਿੰਗ ਵੀ ਟਾਲ ਦਿੱਤੀ ਗਈ ਹੈ। ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਰੂਪ ਸਿੰਘ ਛੰਨਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਮੰਗਾਂ ਲਈ ਚਰਚਾ/ਮੰਨਣ ਤੱਕ ਅਣਮਿਥੇ ਸਮੇਂ ਲਈ ਧਰਨੇ ਜਾਰੀ ਰਹਿਣਗੇ। ਅੱਜ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਤੇ ਜ਼ਿਲ੍ਹਾ ਮਹਿਲਾ ਆਗੂ ਕਮਲਜੀਤ ਕੌਰ ਬਰਨਾਲਾ, ਰਾਜਵਿੰਦਰ ਕੌਰ ਕਾਲੇਕੇ, ਗੁਰਮੀਤ ਕੌਰ ਆਦਿ ਆਗੂ ਸ਼ਾਮਿਲ ਸਨ।
ਮਲੋਟ (ਲਖਵਿੰਦਰ ਸਿੰਘ): ਅੱਜ ਮਲੋਟ ਦੇ ਤਿਕੋਣੀ ਚੌਕ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੰਬੀ ਬਲਾਕ ਦੇ ਪ੍ਰਧਾਨ ਅਵਤਾਰ ਸਿੰਘ, ਹਰਭਗਵਾਨ ਸਿੰਘ ਜਨਰਲ ਸਕੱਤਰ, ਬਹਿਲਾਰ ਸਿੰਘ ਮੀਤ ਪ੍ਰਧਾਨ ਅਤੇ ਰਿੰਕੂ ਮਹਿਣਾ ਆਦਿ ਦੀ ਅਗਵਾਈ ਹੇਠ ਕਿਸਾਨਾਂ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ। ਕਿਸਾਨਾਂ ਵੱਲੋਂ ਰੋਡ ਜਾਮ ਕਰਨ ਕਾਰਨ ਐਸਡੀਐਮ ਮਲੋਟ ਪ੍ਰਮੋਦ ਕੁਮਾਰ ਅਤੇ ਥਾਣਾ ਸਦਰ ਇੰਚਾਰਜ ਜਸਕਰਨਦੀਪ ਸਿੰਘ ਨੇ ਮੌਕੇ ’ਤੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਲਿਆ। ਉਨ੍ਹਾਂ ਵੱਲੋਂ ਮੰਗ ਪੱਤਰ ਨੂੰ ਸਰਕਾਰ ਤੱਕ ਪੁੱਜਦਾ ਕਰਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।
ਫ਼ਰੀਦਕੋਟ (ਜਸਵੰਤ ਜੱਸ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਧਰਨੇ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਕਰ ਕੇ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਹੋਣ ਵਾਲੀਆਂ ਅਹਿਮ ਮੀਟਿੰਗਾਂ ਨਹੀਂ ਹੋ ਸਕੀਆਂ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਆਸ-ਪਾਸ ਰੱਸਾ ਬੰਨ੍ਹ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ। ਕਿਸਾਨ ਆਗੂਆਂ ਜਸਪਾਲ ਸਿੰਘ ਨੰਗਲ, ਜਸਪਾਲ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਚਰਨਜੀਤ ਸਿੰਘ, ਜਗਜੀਤ ਸਿੰਘ, ਜਸਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਹਰ ਵਾਰ ਗੱਲ ਕਰਕੇ ਮੁੱਕਰ ਜਾਂਦੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਸਕੱਤਰੇਤ ਅੱਗੇ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰਨ ਨਾਲ ਚੰਨੀ ਸਰਕਾਰ ਲਈ ਅੰਦੋਲਨ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਕਿਸਾਨਾਂ ਸਕੱਤਰੇਤ ਦੇ ਦੋਵੇਂ ਗੇਟ ਬੰਦ ਕਰਨ ਕੇ ਅਧਿਕਾਰੀ ਨੂੰ ਅੰਦਰ ਹੀ ਬੰਦ ਕਰ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘਾਲੀ ਨੇ ਕਿਹਾ ਕਿ ਜਿੰਨਾ ਚਿਰ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੇ ਦੋਵੇਂ ਗੇਟ ਬੰਦ ਰੱਖੇ ਜਾਣਗੇ।