ਪੱਤਰ ਪ੍ਰੇਰਕ
ਮਹਿਲ ਕਲਾਂ, 28 ਅਕਤੂਬਰ
ਮਹਿਲ ਕਲਾਂ ਦਾ ਕਿਸਾਨ ਮਲਕੀਤ ਸਿੰਘ ਅਤੇ ਛੀਨੀਵਾਲ ਕਲਾਂ ਦੇ ਕਿਸਾਨ ਹਿਰਦੇਪਾਲ ਸਿੰਘ ਪਿਛਲੇ ਪੰਜ ਸਾਲ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਬਲਕਿ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਦੱਬ ਕੇ ਉਸਦਾ ਖਾਦ ਵਜੋਂ ਉਪਯੋਗ ਕੀਤਾ ਹੈ। ਆਪਣੇ ਤਿੰਨ ਪੁੱਤਰਾਂ ਨਾਲ ਕਰੀਬ 18 ਏਕੜ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਕਿਸਾਨ ਮਲਕੀਤ ਸਿੰਘ (67) ਨੇ ਦੱਸਿਆ ਕਿ ਉਹ ਝੋਨੇ ਤੋਂ ਇਲਾਵਾ ਆਲੂ, ਮੂੰਗੀ, ਮੱਕੀ ਆਦਿ ਦੀ ਖੇਤੀ ਕਰਦੇ ਹਨ ਤੇ ਝੋਨੇ ਸਮੇਤ ਸਾਰੀਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਨਸ਼ਟ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖਾਦ ਬਹੁਤ ਘੱਟ ਪਾਉਣੀ ਪੈਂਦੀ ਹੈ ਤੇ ਲਾਗਤ ਘੱਟ ਹੋਣ ਕਾਰਨ ਉਨ੍ਹਾਂ ਨੂੰ ਬੱਚਤ ਜ਼ਿਆਦਾ ਹੁੰਦੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਵਰਿੰਦਰ ਕੁਮਾਰ ਅਤੇ ਬਲਾਕ ਖੇਤੀਬਾੜੀ ਅਫਸਰ ਜਸਮੀਨ ਸਿੱਧੂ ਨੇ ਆਖਿਆ ਕਿ ਕਿਸਾਨ ਮਲਕੀਅਤ ਸਿੰਘ ਤੇ ਉਨ੍ਹਾਂ ਦੇ ਤਿੰਨੇ ਪੁੱਤਰ ਬਾਕੀ ਕਿਸਾਨਾਂ ਲਈ ਵੱਡੀ ਉਦਾਹਰਣ ਹਨ, ਜੋ ਵਾਤਾਵਰਨ ਸੰਭਾਲ ’ਚ ਯੋਗਦਾਨ ਪਾ ਰਹੇ ਹਨ। ਪਿੰਡ ਛੀਨੀਵਾਲ ਕਲਾਂ ਦੇ ਕਿਸਾਨ ਹਿਰਦੇਪਾਲ ਸਿੰਘ ਵੱਲੋਂ 20 ਏਕੜ ਰਕਬੇ ਵਿੱਚ ਵਾਤਾਵਰਨ ਪੱਖੀ ਤਕਨੀਕਾਂ ਨਾਲ ਫਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਜਾਂਦਾ ਹੈ। ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਿਛਲੇ 6 ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ।