ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਗਸਤ
ਕੇਂਦਰੀ ਡਿਪਟੀ ਸਕੱਤਰ ਨੇ ਇੱਥੇ ਪਿੰਡ ਖੋਸਾ ਪਾਂਡੋ ਵਿਖੇ ਜੈਵਿਕ ਖੇਤੀ ਫ਼ਾਰਮ ਤੇ ਪਿੰਡ ਦੌਧਰ ਵਿਖੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਥਾਪਤ 296 ਕਰੋੜੀ ਉਤਰੀ ਭਾਰਤ ਦੇ ਪਹਿਲੇ ਨਹਿਰੀ ਪਾਣੀ ਤੋਂ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਨਾਲ ਕਿਸਾਨ ਖੁਸ਼ਹਾਲ ਹੋਵੇਗਾ ਤੇ ਵਾਤਾਵਰਨ ਵੀ ਸੁਰੱਖਿਅਤ ਰਹੇਗਾ। ਇਸ ਦੌਰਾਨ ਖੋਸਾ ਪਾਂਡੋ ਵਿਖੇ ਕਿਸਾਨਾਂ ਨੇ ਕੇਂਦਰੀ ਡਿਪਟੀ ਸਕੱਤਰ ਡਾ. ਅਸੀਮ ਵੋਹਰਾ ਦੇ ਧਿਆਨ ਵਿਚ ਲਿਆਂਦਾ ਕਿ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਵੱਲੋਂ ਕਰੀਬ ਅੱਠ ਸਾਲ ਪਹਿਲਾਂ ਕਿਸਾਨਾਂ ਨਾਲ ਮਿਲ ਕੇ 50 ਏਕੜ ’ਚ ਕੁਦਰਤੀ ਖੇਤੀ ਕੀਤੀ ਗਈ। ਉਨ੍ਹਾਂ ਕੁਦਰਤੀ ਖੇਤੀ ਦੌਰਾਨ ਲੇਬਰ ਲਈ ਮਨਰੇਗਾ ਨੂੰ ਜੋੜਨ ਦੀ ਮੰਗ ਕੀਤੀ। ਉਨ੍ਹਾਂ ਮੰਡੀਕਰਨ ਪ੍ਰਬੰਧ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਕੀਟਨਾਸ਼ਕਾਂ ਤੋਂ ਰਹਿਤ ਤਾਜ਼ੇ ਫਲ ਅਤੇ ਸਬਜ਼ੀਆਂ ਖਾ ਸਕਣ ਅਤੇ ਖਤਰਨਾਕ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਡਾ. ਅਸ਼ੀਮ ਵੋਹਰਾ ਨੇ ਕਿਹਾ ਕਿ ਜੈਵਿਕ ਖੇਤੀ ਨਾਲ ਕਿਸਾਨਾਂ ਦੀ ਆਮਦਨ ਉਨ੍ਹਾਂ ਦੀ ਮੌਜੂਦਾ ਆਮਦਨ ਤੋਂ ਕਈ ਗੁਣਾਂ ਵੱਧ ਸਕਦੀ ਹੈ। ਖੇਤੀ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਕਾਰਨ ਮਿੱਟੀ ਆਪਣੀ ਉਪਜਾਊ ਸਕਤੀ ਗੁਆ ਰਹੀ ਹੈ। ਫਸਲਾਂ ਦੀ ਪੈਦਾਵਾਰ ਘਟਣ ਕਾਰਨ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਤ ਕਰਨ ਦਾ ਬੀੜਾ ਚੁੱਕਿਆ ਹੈ। ਚੰਗਾ ਵਾਤਾਵਰਨ, ਸ਼ੁੱਧ ਪਾਣੀ, ਹਵਾ ਅਤੇ ਪੌਸ਼ਟਿਕ ਭੋਜਨ ਲਈ ਸਾਨੂੰ ਜੈਵਿਕ ਖੇਤੀ ਵੱਲ ਵਧਣਾ ਪਵੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੈਵਿਕ ਖੇਤੀ ਦਾ ਰੁਝਾਨ ਕਾਫੀ ਵਧਿਆ ਹੈ। ਜੀਏਟੂ ਡੀਸੀ ਸੂਭੀ ਆਂਗਰਾ ਨੇ ਕਿਹਾ ਕਿ ਸੂਬੇ ਵਿਚ ਹਰੀ ਕ੍ਰਾਂਤੀ ਨਾਲ ਜਿਥੇ ਪੈਦਾਵਾਰ ਵਧੀ ਹੈ, ਉੱਥੇ ਮੁਸ਼ਕਲਾਂ ਨੇ ਵੀ ਜਨਮ ਲਿਆ।
ਇਸ ਮੌਕੇ ਸੰਤ ਗੁਰਮੀਤ ਸਿੰਘ ਨੇ ਕਿਹਾ ਕਿ ਜੈਵਿਕ ਖੇਤੀ ਅਪਣਾਉਣ ਨਾਲ ਪਾਣੀ ਦੀ ਕਿੱਲਤ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।