ਪੱਤਰ ਪ੍ਰੇਰਕ
ਝੁਨੀਰ, 22 ਅਕਤੂਬਰ
ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ, ਮਾਸਟਰ ਗੁਰਜੰਟ ਸਿੰਘ ਝੁਨੀਰ, ਪਰਮਪ੍ਰੀਤ ਸਿੰਘ ਮਾਖਾ ਅਤੇ ਬਾਬੂ ਸਿੰਘ ਧਿੰਗੜ ਆਦਿ ਕਿਸਾਨਾਂ ਨੇ ਦੱਸਿਆ ਕਿ ਸਭ ਫ਼ਸਲਾਂ ਦੀ ਬਿਜਾਈ ਵੇਲੇ ਅਤਿ ਜ਼ਰੂਰੀ ਲੋੜੀਂਦੀ ਖਾਦ ਡੀ.ਏ.ਪੀ. ਦੀ ਹਰ ਪਾਸੇ ਭਾਰੀ ਤੋਟ ਹੋਣ ਕਾਰਨ ਕਿਸਾਨ ਕਾਫੀ ਚਿੰਤਤ ਹਨ। ਆਗੂਆਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਮੌਕੇ ਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨਾਲ ਨਾਲ ਸਭ ਪ੍ਰਾਈਵੇਟ ਦੁਕਾਨਾਂ ਵਿੱਚ ਡੀ.ਏ.ਪੀ. ਦੀ ਭਾਰੀ ਕਮੀ ਰਹੀ ਹੈ ਜਦੋਂ ਕਿ ਨਜ਼ਦੀਕੀ ਰਾਜ ਹਰਿਆਣਾ ਵਿੱਚ ਇਹ ਖਾਦ ਦਾ ਖੁੱਲ੍ਹਾ ਸਟਾਕ ਸੀ। ਪੰਜਾਬ ਦੇ ਕਾਫ਼ੀ ਕਿਸਾਨਾਂ ਨੇ ਨਜ਼ਦੀਕੀ ਰਾਜਾਂ ਤੋਂ ਡੀ.ਏ.ਪੀ. ਖਾਦ ਲਿਆ ਕੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਪੂਰੀ ਕੀਤੀ ਹੈ।