ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 17 ਅਗਸਤ
ਖੇਤਰ ਦੇ ਪਿੰਡ ਦੇਸੂ ਮਲਕਾਣਾ, ਹੱਸੂ ਅਤੇ ਅਸੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੇ ਕਾਲਾਂਵਾਲੀ ਬਿਜਲੀਘਰ ਵਿੱਚ ਪਹੁੰਚ ਕੇ ਬਿਜਲੀਘਰ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਸਪਲਾਈ ਦਰੁਸਤ ਕਰਨ ਦੀ ਮੰਗ ਕੀਤੀ। ਜੇਈ ਗੁਰਬਖਸ਼ ਸਿੰਘ ਵੱਲੋਂ ਪਹਿਲਾਂ ਵਾਂਗ ਬਿਜਲੀ ਸਪਲਾਈ ਦੇਣ ਅਤੇ ਦੋ ਘੰਟੇ ਹੋਰ ਵੱਧ ਬਿਜਲੀ ਸਪਲਾਈ ਦੇਣ ਦੇ ਭਰੋਸੇ ਮਗਰੋਂ ਲੋਕ ਸ਼ਾਂਤ ਹੋਏ। ਪਿੰਡ ਦੇਸੂ ਮਲਕਾਣਾ ਦੇ ਕਿਸਾਨ ਗੁਰਨਾਮ ਸਿੰਘ, ਅਜੈਬ ਸਿੰਘ, ਗੱਗੂ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਬਲਬੀਰ ਸਿੰਘ, ਗੁਰਸ਼ਰਨ ਸਿੰਘ, ਜਸਬੀਰ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੂੰ ਪਹਿਲਾਂ ਅਸੀਰ ਬਿਜਲੀਘਰ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਸੀ, ਜਿਸ ਨਾਲ ਉਨ੍ਹਾਂ ਨੂੰ ਪੂਰੀ ਵੋਲਟੇਜ ਮਿਲਦੀ ਸੀ, ਪਰ ਕੁਝ ਦਿਨਾਂ ਤੋਂ ਕਾਲਾਂਵਾਲੀ ਫੀਡਰ ਲਾਈਨ ਨਾਲ ਜੋੜਨ ਕਾਰਨ ਬਿਜਲੀ ਦੀ ਸਪਲਾਈ ਘੱਟ ਵੋਲਟੇਜ ਵਿੱਚ ਆਉਂਦੀ ਹੈ ਜਿਸ ਨਾਲ ਨਾ ਤਾਂ ਖੇਤਾਂ ਵਿੱਚ ਟਿਊਬਵੈਲਾਂ ਦੀਆਂ ਮੋਟਰਾਂ ਚੱਲਦੀਆਂ ਅਤੇ ਨਾ ਹੀ ਘਰਾਂ ਵਿੱਚ ਬਿਜਲੀ ਦੇ ਯੰਤਰ ਚਲਦੇ ਹਨ। ਉਨ੍ਹਾਂ ਕਿਹਾ ਕਿ ਮੀਂਹ ਨਾ ਪੈਣ ਕਾਰਨ ਅਤੇ ਨਹਿਰੀ ਪਾਣੀ ਦੀ ਬੰਦੀ ਹੋਣ ਨਾਲ ਉਨ੍ਹਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਉਪਰੋਂ ਘੱਟ ਵੋਲਟੇਜ ਆਉਣ ਨਾਲ ਉਹ ਟਿਊਬਵੈਲਾਂ ਨਾਲ ਵੀ ਸਿੰਚਾਈ ਨਹੀਂ ਕਰ ਸਕਦੇ, ਜਿਸ ਕਾਰਨ ਕਿਸਾਨਾਂ ਨੇ ਇਕੱਠੇ ਹੋਕੇ ਬਿਜਲੀਘਰ ਦਾ ਮੁੱਖ ਗੇਟ ਨੂੰ ਤਾਲਾ ਲਾ ਕੇ ਵਿਭਾਗ ਪ੍ਰਤੀ ਰੋਸ਼ ਮੁਜ਼ਾਹਰਾ ਕੀਤਾ। ਸੂਚਨਾ ਮਿਲਣ ਉੱਤੇ ਪੁਲੀਸ ਦੀ ਟੀਮ ਮੌਕੇ ਉੱਤੇ ਪਹੁੰਚੀ ਅਤੇ ਕਿਸਾਨਾਂ ਨੂੰ ਸਮਝਾਕੇ ਗੇਟ ਖੁੱਲ੍ਹਵਾਇਆ। ਜੇਈ ਗੁਰਬਖਸ਼ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਕਤ ਪਿੰਡਾਂ ਵਿੱਚ ਬਿਜਲੀ ਲੋਡ ਨੂੰ ਠੀਕ ਕਰਨ ਲਈ ਹੋਰ ਫੀਡਰਾਂ ਦਾ ਲੋਡ ਵੰਡਿਆ ਜਾ ਰਿਹਾ ਹੈ। ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਜੋ ਨੁਕਸਾਨ ਹੋਇਆ ਹੈ, ਇਸ ਲਈ ਕਿਸਾਨਾਂ ਨੂੰ ਦੋ ਘੰਟੇ ਹੋਰ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।
ਸੜੇ ਟਰਾਂਸਫਾਰਮਰ ਬਦਲੀ ਲਈ ਐੱਸਡੀਓ ਦਾ ਘਿਰਾਓ
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੜੇ ਟਰਾਂਸਫਾਰਮਰ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਐੱਸਡੀਓ ਨਥਾਣਾ ਦਾ ਘਿਰਾਉ ਕੀਤਾ ਗਿਆ। ਕਿਸਾਨ ਆਗੂ ਰਾਮਰਤਨ ਸਿੰਘ ਨੇ ਦੱਸਿਆ ਕਿ ਨਥਾਣਾ ਦੇ ਹਰਦਿਆਲ ਸਿੰਘ ਨਾਮੀ ਕਿਸਾਨ ਦੇ ਖੇਤ ਦੀ ਮੋਟਰ ਵਾਲੇ ਸੜੇ ਟਰਾਂਸਫਾਰਮਰ ਨੂੰ ਬਦਲਣ ਤੋਂ ਇੱਕ ਹਫਤੇ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਅ ਕਿਸਾਨ ਆਗੂ ਲਖਵੀਰ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਜੰਡਾਵਾਲਾ ਦੇ ਕਿਸਾਨ ਚਮਕੌਰ ਸਿੰਘ ਦਾ ਟਰਾਸਫਾਰਮਰ ਬਦਲੀ ਕਰਨ ਸਬੰਧੀ ਵੀ ਅਧਿਕਾਰੀ ਵੱਲੋਂ ਕਥਿਤ ਰਿਸ਼ਵਤ ਦੀ ਮੰਗ ਕੀਤੀ ਗਈ। ਐੱਸਡੀਓ ਪੁਸਪਿੰਦਰ ਕੁਮਾਰ ਵੱਲੋਂ ਤਿੰਨ ਟਰਾਂਸਫਾਰਮਰ ਦੇਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਇਹ ਘਿਰਾਉ ਖ਼ਤਮ ਕੀਤਾ ਗਿਆ।