ਸੀ.ਮਾਰਕੰਡਾ
ਤਪਾ ਮੰਡੀ, 29 ਅਪਰੈਲ
ਇੱਥੇ ਮੁੱਖ ਮਾਰਗ ’ਤੇ ਤਪਾ-ਘੁੜੈਲੀ ਲਾਗੇ ਭਾਕਿਯੂ ਸਿੱਧੂਪੁਰ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਲਾਏ ਧਰਨੇ ਦੌਰਾਨ ਹੰਗਾਮਾ ਹੋ ਗਿਆ। ਇਸ ਮੌਕੇ ਬਠਿੰਡਾ ਵੱਲੋਂ ਆ ਰਹੀ ਕਾਰ ਨੂੰ ਭਾਕਿਯੂ ਆਗੂਆਂ ਨੇ ਰੋਕਣਾ ਚਾਹਿਆ ਤਾਂ ਕਾਰ ਅੱਗੇ ਨਿਕਲ ਗਈ। ਕਿਸਾਨ ਜੱਥੇਬੰਦੀ ਨੇ ਕਾਰ ਅੱਗੇ ਮੋਟਰਸਾਈਕਲ ਕਰ ਦਿੱਤਾ ਤਾਂ ਕਾਰ ਮੋਟਰਸਾਈਕਲ ਨਾਲ ਜਾ ਟਕਰਾਈ। ਜੱਥੇਬੰਦੀ ਦੇ ਨੌਜਵਾਨਾਂ ਨੇ ਕਾਰ ਸਵਾਰਾਂ ਨੂੰ ਹੇਠਾਂ ਉਤਾਰ ਲਿਆ ਤੇ ਗਰਮਾ ਗਰਮੀ ਬਾਅਦ ਹੱਥੋਪਾਈ ਹੋ ਗਈ। ਇਸ ਵਿੱਚ ਕਾਰ ਸਵਾਰ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਕਾਰ ਵੀ ਭੰਨ ਦਿੱਤੀ। ਦੋਵੇ ਧਿਰਾਂ ਨੇ ਧਰਨਾ ਲਗਾ ਦਿੱਤਾ ਅਤੇ ਦੂਰ ਤੱਕ ਵਾਹਨਾਂ ਦੀਆ ਕਤਾਰਾਂ ਲੱਗ ਗਈਆਂ। ਕਾਰ ਸਵਾਰ ਦੇ ਹੱਕ ਵਿਚ ਵੀ ਕੁੱਝ ਧਿਰਾਂ ਨਿੱਤਰ ਆਈਆਂ। ਜਿਨ੍ਹਾਂ ਵਿਚ ਬੱਸ ਸਵਾਰ ਔਰਤਾਂ ਵੀ ਸਨ। ਜਦ ਕਿ ਕਾਰ ਸਵਾਰ ਧਰਨਾਕਾਰੀਆਂ ਨੇ ਆਪਣੇ ਕੁੱਝ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ। ਦੋਵੇ ਧਿਰਾਂ ’ਚ ਤਣਾਅ ਤਣੀ ਹੋਰ ਵਧ ਗਈ। ਤਪਾ ਪੁਲੀਸ ਵੀ ਘਟਨਾ ਸਥਾਨ ’ਤੇ ਪੁੱਜ ਗਈ। ਕਾਰ ਸਵਾਰ ਚੇਤੰਨ ਸਿੰਘ ਨੇ ਦੱਸਿਆ ਕਿ ਉਹ ਪਤੀ ਪਤਨੀ ਬਠਿੰਡਾ ਤੋਂ ਆ ਰਹੇ ਸਨ ਪਰ ਕਾਰ ਅੱਗੇ ਜਬਰੀ ਮੋਟਰਸਾਈਕਲ ਕਰ ਦਿੱਤਾ। ਕਾਰ ਆਪਣੀ ਗਤੀ ਅਨੁਸਾਰ ਹੀ ਰੁਕਣੀ ਸੀ ਪਰ ਕਾਰ ਰੁਕਣ ਸਾਰ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦਕਿ ਉਸ ਦੀ ਪਤਨੀ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਉਧਰ ਜੱਥੇਬੰਦੀ ਦੇ ਆਗੂ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਕੱਟਾਂ ਖ਼ਿਲਾਫ਼ ਸੜਕ ਰੋਕੀ ਗਈ ਸੀ ਪਰ ਕੁਝ ਲੋਕ ਜਾਣਬੁੱਝ ਕੇ ਧਰਨੇ ਵਿਚ ਵਿਘਨ ਪਾਉਣ ਦੀ ਕੋਸਿਸ਼ ਕਰ ਰਹੇ ਸਨ। ਇਸ ਘਟਨਾ ਵਿਚ ਇਕ ਨੌਜਵਾਨ ਨੂੰ ਕਾਰ ਸਵਾਰਾਂ ਵੱਲੋਂ ਕੁੱਟਮਾਰ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਜਦਕਿ ਨੌਜਵਾਨ ਵੱਲੋਂ ਵੀ ਸਫਾਈ ਦਿੱਤੀ ਜਾ ਰਹੀ ਸੀ ਕਿ ਕਾਰ ਚਾਲਕ ਦੇ ਇੱਕ ਰਿਸ਼ਤੇਦਾਰ ਵੱਲੋਂ ਕਿਸਾਨ ਜੱਥੇਬੰਦੀ ਨੂੰ ਧਮਕੀਆਂ ਦਿੱਤੀਆਂ ਗਈਆਂ। ਥਾਣਾ ਮੁਖੀ ਨਰਦੇਵ ਸਿੰਘ ਨੇ ਕਿਹਾ ਕਿ ਦੋਵੇ ਧਿਰਾਂ ਦੇ ਬਿਆਨ ਲਿਖਣ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੌਜਵਾਨਾਂ ਵੱਲੋਂ ਬੱਸ ਕੰਡਕਟਰ ਦੀ ਕੁੱਟਮਾਰ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਇਥੇ ਬੱਤੀਆਂ ਵਾਲੇ ਚੌਕ ’ਚ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੀ ਤਿੰਨ ਨੌਜਵਾਨਾਂ ਨੇ ਕੁੱਟਮਾਰ ਕੀਤੀ। ਜ਼ਖ਼ਮੀ ਹਾਲਤ ਵਿਚ ਕੰਡਕਟਰ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਜਗਮੀਤ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ-ਫ਼ਰੀਦਕੋਟ ਡਿੱਪੂ ਦੇ ਚਲਦੀ ਬੱਸ ’ਤੇ ਕੰਡਕਟਰ ਵਜੋਂ ਤਾਇਨਾਤ ਹੈ। ਸਵੇਰੇ ਕਰੀਬ ਸਾਢੇ ਦਸ ਵਜੇ ਜਦ ਬੱਸ ਬੱਤੀਆਂ ਵਾਲੇ ਚੌਕ ਪਹੁੰਚੀ ਤਦ ਉਸ ’ਤੇ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸਦੇ ਸਿਰ ’ਤੇ ਸੱਟ ਵਜੀ ਹੈ। ਹਮਲਾ ਕਰਕੇ ਇਹ ਨੌਜਵਾਨ ਮੌਕੇ ਤੋਂ ਭੱਜ ਗਏ। ਪੁਲੀਸ ਅਧਿਕਾਰੀ ਪ੍ਰੀਤਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਪੁਲੀਸ ਵੱਲੋਂ ਪੀੜਤ ਦੇ ਬਿਆਨ ਕਲਮਬੱਧ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।