ਬਲਜੀਤ ਸਿੰਘ
ਸਰਦੂਲਗੜ੍ਹ, 29 ਅਪਰੈਲ
ਇੱਥੇ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਵਿੱਦਿਆ ਸਾਗਰ ਫੱਤਾ ਮਾਲੋਕਾ ਵੱਲੋਂ ਪੰਚਾਇਤ ਜ਼ਮੀਨ ’ਤੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਅਤਿ ਆਧੁਨਿਕ ਸਹੂਲਤਾਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਿੰਡ ਫੱਤਾ ਮਾਲੋਕਾ ਦੇ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਫੱਤਾ ਮਾਲੋਕਾ ਦੇ ਸੈਂਟਰ ਹੈੱਡ ਟੀਚਰ ਹਰਬੰਤ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਐਡਵੋਕੇਟ ਅਤੇ ਸਮੂਹ ਪੰਚਾਇਤ ਨੂੰ ਇਕ ਵਧੀਆ ਉੱਚ ਪਾਏ ਦਾ ਸਕੂਲ ਬਣਾਉਣ ਲਈ ਥਾਂ ਦੇਣ ਲਈ ਗੱਲਬਾਤ ਕੀਤੀ। ਸਰਪੰਚ ਅਤੇ ਗ੍ਰਾਮ ਪੰਚਾਇਤ ਨੇ ਪਿੰਡ ਵਿੱਚ 32 ਕਨਾਲਾਂ ਦਾ ਛੱਪੜ ਜੋ ਕਿ ਵੀਰਾਨ ਪਿਆ ਸੀ ਉਸ ਦਾ ਮਤਾ ਪਾ ਕੇ ਸਕੂਲ ਲਈ ਦੇ ਦਿੱਤਾ। ਸਕੂਲ ਮੁਖੀ ਨੇ ਸਮਾਰਟ ਸਕੂਲ ਟੀਮ ਜਗਜੀਤ ਸਿੰਘ ਵਾਲੀਆ ਅਤੇ ਅਮਰਜੀਤ ਸਿੰਘ ਨਾਲ ਸੰਪਰਕ ਕਰਕੇ ਸਾਰੀਆਂ ਧਿਰਾਂ ਨਾਲ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਮੀਟਿੰਗ ਕੀਤੀ।