ਪਰਮਜੀਤ ਸਿੰਘ
ਫਾਜ਼ਿਕਲਾ, 5 ਨਵੰਬਰ
ਜ਼ਿਲ੍ਹੇ ਦੀ ਮੰਡੀ ਲਾਧੂਕਾ ’ਚ ਦੀਵਾਲੀ ਦੇ ਪਟਾਕਿਆਂ ਨੇ ਵੱਡਾ ਨੁਕਸਾਨ ਕੀਤਾ, ਜਿਸ ਕਾਰਨ ਗੈਸ ਵੈਲਡਿੰਗ ਵਾਲੀ ਦੁਕਾਨ ’ਚ ਧਮਾਕਾ ਹੋਇਆ ਅਤੇ ਕਈ ਦੁਕਾਨਾਂ ਮਲਬਾ ਬਣ ਗਈਆਂ। ਦੀਵਾਲੀ ਦੌਰਾਨ ਚਲਾਏ ਗਏ ਪਟਾਕਿਆਂ ’ਚੋਂ ਇਕ ਮੰਡੀ ਲਾਧੂਕਾ ਦੇ ਬੱਸ ਸਟੈਂਡ ’ਤੇ ਸਥਿਤ ਖੋਖੇ ’ਤੇ ਆਕੇ ਡਿੱਗਿਆ, ਜਿਸ ਕਾਰਨ ਖੋਖੇੇ ’ਚ ਪਏ ਵੈਲਡਿੰਗ ਵਾਲੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਵੱਡਾ ਧਮਾਕਾ ਹੋਇਆ। ਧਮਾਕੇ ਕਾਰਨ ਖੋਖੇ ਦੇ ਨੇੜੇ ਸਥਿਤ ਦੁਕਾਨਾਂ ਦਾ ਕਾਫ਼ੀ ਨੁਕਸਾਨ ਹੋਇਆ। ਧਮਾਕਾ ਇਨਾ ਜ਼ੋਰਦਾਰ ਸੀ ਕਿ ਦੁਕਾਨਾਂ ਦੀਆਂ ਇੱਟਾਂ ਕਾਫ਼ੀ ਦੂਰ ਦੂਰ ਜਾਕੇ ਡਿੱਗੀਆਂ। ਗੈਸ ਵੈਲਡਰ ਪਰਮਜੀਤ ਸਿੰਘ ਦੇ ਖੋਖੇ ਨੂੰ ਬੀਤੀ ਰਾਤ ਲਗਭਗ 2 ਵਜੇ ਅਚਾਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਫ਼ਾਜ਼ਿਲਕਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫ਼ਾਜ਼ਿਲਕਾ ਅਤੇ ਜਲਾਲਾਬਾਦ ਤੋਂ ਆਈਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਇਸ ਧਮਾਕੇ ਦੇ ਨਾਲ ਬੱਸ ਅੱਡੇ ’ਤੇ ਕਈ ਦੁਕਾਨਾਂ ਦੇ ਸ਼ਟਰ ਅਤੇ ਸ਼ੀਸ਼ੇ ਟੁੱਟ ਗਏ ਅਤੇ ਮੰਡੀ ਦੇ ਬੱਸ ਅੱਡੇ ਦੀ ਛੱਤ ਡਿਗ ਗਈ। ਇਸ ਮੌਕੇ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦੀ ਦੁਆਉਣ ਦੀ ਮੰਗ ਕੀਤੀ। ਫਾਜ਼ਿਲਕਾ ਦੇ ਤਹਿਸੀਲਦਾਰ ਨੇ ਦੱਸਿਆ ਕਿ 2 ਦੁਕਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਪਟਵਾਰੀ ਨੂੰ ਇਸ ਦੀ ਰਿਪੋਰਟ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ।