ਪਰਮਜੀਤ ਸਿੰਘ
ਫਾਜ਼ਿਲਕਾ,7 ਦਸੰਬਰ
ਵਿਧਾਨ ਸਭਾ ਹਲਕਾ ਫਾਜ਼ਿਲਕਾ ’ਚ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਫੇਰੀ ਮੌਕੇ ਐਲਾਨ ਕੀਤਾ ਕਿ ਫ਼ਾਜ਼ਿਲਕਾ ਅੰਦਰ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਮੰਗ ’ਤੇ ਮੈਡੀਕਲ ਕਾਲਜ ਅਤੇ ਸਰਕਾਰੀ ਕਾਲਜ ਵਿੱਚ ਐੱਮਏ ਤੱਕ ਦੀਆਂ ਕਲਾਸਾਂ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਆਪਣੇ ਵੱਲੋਂ ਕੀਤੇ ਗਏ ਕਾਰਜਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨੇ ਬਿਜਲੀ, ਪਾਣੀ ਦੇ ਬਿੱਲ ਮੁਆਫ ਕੀਤੇ ਅਤੇ ਹੋਰ ਆਮ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ‘ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ,‘ ਮੈਂ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕੀ ਕਹਿ ਦਿੱਤਾ, ਉਸ ਨੇ ਇਸ ਗੱਲ ’ਤੇ ਇਤਰਾਜ਼ ਕੀਤਾ। ਮੈਂ ਉਸ ਨੂੰ ਹੁਣ ਚਿੱਟਾ ਅੰਗਰੇਜ਼ ਕਹਿੰਦਾ ਹਾਂ। ਪੰਜਾਬ ਸ਼ਾਮਲਾਟ ਜ਼ਮੀਨ ਨਹੀਂ ਹੈ ਕਿ ਕੋਈ ਵੀ ਆ ਕੇ ਕਬਜ਼ਾ ਕਰ ਲਵੇ। ਇੱਥੋਂ ਦੇ ਪੰਜਾਬੀ, ਪੰਜਾਬੀਆਂ ਨੂੰ ਹੀ ਜਿਤਾ ਕੇ ਅਸੈਂਬਲੀ ਵਿੱਚ ਭੇਜਣਗੇ।’ ਸਰਹੱਦੀ ਖੇਤਰ ਦੀਆਂ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ ਬਾਰੇ ਉਨ੍ਹਾਂ ਨੇ ਕਿਹਾ ਕਿ ਮੁਆਵਜ਼ੇ ਨੂੰ ਕਿਸਾਨਾਂ ਦੀ ਮੰਗ ਮੁਤਾਬਕ ਦਿੱਤਾ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਸ਼ੂਗਰ ਮਿੱਲ ਦੇ ਬਕਾਏ ਨੂੰ ਵੀ ਪੰਜਾਬ ਸਰਕਾਰ ਵੱਲੋਂ ਤੁਰੰਤ ਜਾਰੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ,ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ, ਬੱਲੂਆਣਾ ਦੇ ਵਿਧਾਇਕ ਨੱਥੂ ਰਾਮ,ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ,ਸਾਬਕਾ ਐੱਮਪੀ ਮੋਹਨ ਸਿੰਘ ਫਲੀਆਂਵਾਲਾ ਅਤੇ ਹੋਰ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ।