ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਅਕਤੂਬਰ
ਸ਼ਹਿਰ ਵਿੱਚ ਡੇਂਗੂ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਇਸ ਕਾਰਨ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ। ਐਸਐਮਓ ਡਾ. ਇੰਦਰਦੀਪ ਸਿੰਘ ਸਰਾਂ ਨੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਵਿੱਚ ਦਾਖ਼ਲ ਡੇਂਗੂ ਦੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਡੇਂਗੂ ਦੇ ਮਰੀਜ਼ ਪਲੇਟਲੈੱਟ ਸੈੱਲ ਘਟਣ ਦੀ ਚਿੰਤਾ ਨਾ ਕਰਨ। ਉਹ ਹਸਪਤਾਲ ਵਿੱਚ ਆਪਣੇ ਖ਼ੂਨ ਦੀ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੈੱਡਾਂ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਹੈ।
ਡਾ. ਆਰਪੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸਪਾਸ ਦੀ ਸਫ਼ਾਈ ਰੱਖਣ ਅਤੇ ਸੰਤੁਲਤ ਭੋਜਨ ਖਾਣ। ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਬਚਾਅ ਕੀਤਾ ਜਾਵੇ ਡੇਂਗੂ ਬੁਖਾਰ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ।
ਤਿੰਨ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ
ਸ਼ਹਿਣਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੀ ਟੀਮ ਨੇ ਕਸਬਾ ਸ਼ਹਿਣਾ ਵਿੱਚ ਤਿੰਨ ਟੀਮਾਂ ਬਣਾ ਕੇ 180 ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਟੀਮ ਵਿੱਚ ਸੀਐਚਓ ਵਰਿੰਦਰਪਾਲ ਸ਼ਰਮਾ, ਰੰਜੂ ਬਾਲਾ, ਸੱਤਪਾਲ ਕੌਰ, ਗੀਤਾ ਰਾਣੀ ਤੇ ਗੁਰਪ੍ਰੀਤ ਸਿੰਘ ਸਣੇ ਹੋਰ ਸ਼ਾਮਲ ਸਨ। ਇਸ ਦੌਰਾਨ ਟੀਮ ਨੇ ਘਰਾਂ ਵਿੱਚ ਪਏ ਖਾਲੀ ਭਾਂਡੇ ਕਬਾੜ, ਗਮਲਿਆਂ, ਟਾਇਰਾਂ ਅਤੇ ਕੂਲਰਾਂ ਦੀ ਜਾਂਚ ਕੀਤੀ। ਸਿਹਤ ਵਿਭਾਗ ਦੀ ਟੀਮ ਨੂੰ ਤਿੰਨ ਘਰਾਂ ’ਚੋ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ।