ਜੋਗਿੰਦਰ ਸਿੰਘ ਮਾਨ
ਮਾਨਸਾ, 12 ਸਤੰਬਰ
ਮਾਲਵਾ ਖੇਤਰ ਵਿਚ ਲਗਾਤਾਰ ਤਿੰਨ ਦਿਨਾਂ ਤੋਂ ਭਾਦੋਂ ਦੀ ਝੜੀ ਵਾਲਾ ਮੀਂਹ ਹੁਣ ਕਿਸਾਨਾਂ ਲਈ ਨਰਮੇ ਤੋਂ ਇਲਾਵਾ ਹੋਰ ਫ਼ਸਲਾਂ ਲਈ ਵੀ ਖ਼ਤਰਾ ਖੜ੍ਹਾ ਕਰਨ ਲੱਗਿਆ ਹੈ। ਅੱਜ ਵੱਡੇ ਤੜਕੇ ਤੋਂ ਪੈਣ ਲੱਗੇ ਇਸ ਮੀਂਹ ਨਰਮੇ ਦੇ ਫੁੱਲਾਂ ਨੂੰ ਝਾੜ ਦਿੱਤਾ ਹੈ, ਜਦਕਿ ਝੋਨੇ ਦੇ ਬੂਰ ਲਈ ਵੀ ਇਹ ਮੀਂਹ ਹਾਨੀਕਾਰਕ ਮੰਨਿਆ ਜਾ ਰਿਹਾ ਹੈ। ਮੀਂਹ ਨੇ ਹਰਾ-ਚਾਰਾ ਵੀ ਧਰਤੀ ’ਤੇ ਲਿਟਾ ਦਿੱਤਾ ਹੈ ਅਤੇ ਇਸ ਨਾਲ ਮੂੰਗੀ ਦੀ ਫ਼ਸਲ ਅਤੇ ਹਰੀਆਂ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਮੰਨਿਆ ਕਿ ਇਹ ਮੀਂਹ ਫ਼ਸਲਾਂ ਲਈ ਠੀਕ ਨਹੀਂ ਹੈ।
ਮਹਿਕਮੇ ਦੇ ਜ਼ਿਲ੍ਹਾ ਮੁੱਖ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਹ ਵੇਲਾ ਹੁਣ ਤੇਜ਼ ਧੁੱਪਾਂ ਤੇ ਅਸਮਾਨ ’ਤੇ ਸਾਫ਼ ਮੌਸਮ ਦਾ ਹੈ, ਪਰ ਮੀਂਹ, ਬੱਦਲਬਾਈ ਤੇ ਸਿੱਲ੍ਹ ਨੇ ਫ਼ਸਲਾਂ ਦੇ ਝਾੜ ਉੱਤੇ ਹੀ ਬੁਰਾ ਅਸਰ ਹੀ ਨਹੀਂ ਪਾਉਣਾ, ਸਗੋਂ ਫ਼ਸਲ ਦੇ ਮਿਆਰ ਨੂੰ ਵੀ ਸੱਟ ਮਾਰਨੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਨਰਮਾ ਪੱਕਣ ਵਾਲੇ ਪਾਸੇ ਵੱਧ ਰਿਹਾ ਹੈ ਅਤੇ ਇਹ ਮੀਂਹ ਬਿਮਾਰੀਆਂ ਨੂੰ ਸੱਦਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਪਿਆ ਮੀਂਹ ਸਾਉਣੀ ਦੀ ਕਿਸੇ ਵੀ ਫ਼ਸਲ ਲਈ ਲਾਹੇਵੰਦ ਨਹੀਂ ਮੰਨਿਆ ਜਾਂਦਾ ਹੈ।
ਕਰੋੜਾਂ ਦੇ ਵਿਕਾਸ ਦੇ ਬਾਵਜੂਦ ਸ਼ਹਿਰ ’ਚ ਭਰਿਆ ਮੀਂਹ ਦਾ ਪਾਣੀ
ਫਾਜ਼ਿਲਕਾ (ਪਰਮਜੀਤ ਸਿੰਘ): ਸਥਾਨਕ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਨਾਮ ’ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਇੱਕ ਮੀਂਹ ਪੈਣ ਨਾਲ ਪੂਰਾ ਸ਼ਹਿਰ ਜਲਥਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੂਰੇ ਸ਼ਹਿਰ ਵਿੱਚ ਪਾਣੀ ਭਰ ਜਾਣ ਅਤੇ ਨਿਕਾਸੀ ਨਾ ਹੋਣ ਕਾਰਨ ਲੋਕ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਨਿੱਤ ਆਪਣੇ ਬਿਆਨਾਂ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੈ। ਫ਼ਾਜ਼ਿਲਕਾ ਸ਼ਹਿਰ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਸ਼ਹਿਰ ਦੀ ਦਾਣਾ ਮੰਡੀ ’ਚ ਕਰੋੜਾਂ ਰੁਪਏ ਦਾ ਪਾਇਆ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਰੇਲਵੇ ਅੰਡਰਬ੍ਰਿਜ ਵਿਚ ਪਾਣੀ ਭਰ ਗਿਆ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਵੰਡੀਆਂ ਗਈਆਂ ਗਰਾਂਟਾਂ ਦੀ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਰੁਪਏ ਦਾ ਘਪਲਾ ਬਾਹਰ ਆਵੇਗਾ।