ਜੋਗਿੰਦਰ ਸਿੰਘ ਮਾਨ
ਮਾਨਸਾ, 3 ਸਤੰਬਰ
ਮਾਲਵਾ ਖੇਤਰ ਵਿੱਚ ਅਚਾਨਕ ਗਰਮੀ ਪੈਣ ਕਾਰਨ ਕਿਸਾਨਾਂ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਅੰਨਦਾਤਾ ਨੂੰ ਡਰ ਪੈਦਾ ਹੋ ਗਿਆ ਹੈ ਕਿ ਇਸ ਗਰਮੀ ਨਾਲ ਝੋਨਾ, ਨਰਮਾ, ਬਾਸਮਤੀ ਸਮੇਤ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਝਾੜ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਤੋਂ ਪਹਿਲਾਂ ਹਾੜੀ ਦੌਰਾਨ ਸਮੇਂ ਤੋਂ ਪਹਿਲਾਂ ਪੈਣ ਲੱਗੀ ਗਰਮੀ ਨੇ ਕਣਕ ਦਾ ਵੱਡੇ ਪੱਧਰ ’ਤੇ ਝਾੜ ਘਟਾ ਦਿੱਤਾ ਸੀ। ਹੁਣ ਇਸ ਗਰਮੀ ਨੂੰ ਭਾਂਪਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਫ਼ਸਲਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹਿਣ। ਪੰਜਾਬ ਵਿੱਚ ਪਹਿਲਾਂ ਅੱਧੀ ਭਾਦੋਂ ਨੂੰ ਰਾਤ ਦੀ ਠੰਡ ਉਤਰ ਆਉਂਦੀ ਸੀ, ਪਰ ਇਸ ਵਾਰ ਉਚੇ ਤਾਪਮਾਨ ਕਾਰਨ ਫ਼ਸਲਾਂ ਮਰਝਾਉਣ ਲੱਗੀਆਂ ਹਨ।
ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਮੌਸਮ ਮਹਿਕਮੇ ਦੇ ਹਵਾਲੇ ਨਾਲ ਸੂਚਨਾ ਦਿੱਤੀ ਹੈ ਕਿ ਮਾਲਵਾ ਖੇਤਰ ਵਿੱਚ ਇਸ ਵੇਲੇ 38 ਡਿਗਰੀ ਸੈਂਟੀਗਰੇਡ ਤਾਪਮਾਨ ਚੱਲ ਰਿਹਾ ਹੈ, ਜੋ ਮੌਜੂਦਾ ਸਮੇਂ ਫ਼ਸਲਾਂ ਨੂੰ ਸਹਾਰਨਾ ਔਖਾ ਹੈ। ਮੌਸਮ ਵਿਭਾਗ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਚਿਤਾਵਨੀ ਦਿੱਤੀ ਗਈ ਹੈ ਕਿ ਅਗਲੇ ਦਿਨਾਂ ਦੌਰਾਨ ਤਾਪਮਾਨ 38 ਡਿਗਰੀ ਸੈਂਟੀਗਰੇਡ ਤੋਂ ਉਤੇ ਵੀ ਜਾ ਸਕਦਾ ਹੈ, ਹਾਲਾਂਕਿ ਰਿਪੋਰਟ ਵਿੱਚ ਮੌਸਮ ਦੌਰਾਨ ਬੱਦਲਬਾਈ ਰਹਿਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਜਿੱਥੇ ਪਹਿਲਾਂ ਹਾੜੀ ਦੀ ਫ਼ਸਲ ਸਮੇਂ ਮਾਰਚ-ਅਪਰੈਲ ਮਹੀਨੇ ਪਈ ਗਰਮੀ ਨੇ ਕਣਕ ਦੇ ਝਾੜ ’ਤੇ ਮਾੜਾ ਅਸਰ ਪਾਇਆ ਸੀ, ਉੱਥੇ ਹੁਣ ਸਤੰਬਰ ਮਹੀਨੇ ਪੈ ਰਹੀ ਜ਼ਿਆਦਾ ਗਰਮੀ ਕਾਰਨ ਅਗੇਤਾ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਦੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਵਾਰ ਆਪਣੇ ਖੇਤਾਂ ਵਿਚ ਪਰਮਲ ਝੋਨੇ ਦੀ ਬਿਜਾਈ ਜ਼ਿਆਦਾ ਕੀਤੀ ਹੋਈ ਹੈ ਅਤੇ ਪਰਮਲ ਅਗੇਤਾ ਝੋਨਾ ਨਿਸਰਣ ਲੱਗ ਪਿਆ ਹੈ। ਜੇਕਰ ਇਸੇ ਹੀ ਤਰ੍ਹਾਂ ਗਰਮੀ ਨੇ ਆਪਣਾ ਰੰਗ ਵਿਖਾਇਆ ਤਾਂ ਪਰਮਲ ਝੋਨੇ ਦਾ ਝਾੜ ਘੱਟ ਸਕਦਾ ਹੈ।
ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤੀਬਾੜੀ ਮਹਿਕਮੇ ਦੇ ਸਾਰੇ ਬਲਾਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਜਾਕੇ ਕਿਸਾਨਾਂ ਨੂੰ ਪੱਕ ਰਹੀਆਂ ਫ਼ਸਲਾਂ ਵਾਸਤੇ ਲਗਾਤਾਰ ਪਾਣੀ ਦਿੰਦੇ ਰਹਿਣ ਦੀ ਸਲਾਹ ਦੇਣ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਾਅ ਲਈ ਫ਼ਸਲਾਂ ਨੂੰ ਪਾਣੀ ਦੇਣਾ ਲਾਜ਼ਮੀ ਹੈ।
ਖੇਤੀ ਮੋਟਰਾਂ ਲਈ ਨਿਰੰਤਰ ਬਿਜਲੀ ਸਪਲਾਈ ਦੀ ਮੰਗ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਗਰਮੀ ਅਤੇ ਖੁਸ਼ਕ ਹਵਾਵਾਂ ਦੇ ਚੱਲਦਿਆਂ ਹਰੇ ਚਾਰੇ ਦੇ ਨਾਲ ਝੋਨੇ ਦੀ ਫ਼ਸਲ ਮੁਰਝਾਉਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਕਿਸਾਨ ਚਿੰਤਾ ਵਿੱਚ ਹਨ। ਉਨ੍ਹਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰੀ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਮੌਸਮ ਮੁਤਾਬਕ ਜ਼ਿਆਦਾ ਗਰਮੀ ਪੈਣ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਲਗਾਤਾਰ ਪਾਣੀ ਲਾਉਂਦੇ ਰਹਿਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਖੁਸ਼ਕੀ ਕਾਰਨ ਇਸ ਵੇਲੇ ਨਰਮੇ ਦੇ ਟੀਂਡੇ ਅਤੇ ਝੋਨੇ ਦੇ ਬੂਰ ਉਪਰ ਬੁਰਾ ਅਸਰ ਪੈ ਜਾਂਦਾ ਹੈ ਜਿਸ ਕਰਕੇ ਹਰ ਹਫ਼ਤੇ ਫ਼ਸਲ ਨੂੰ ਪਾਣੀ ਦੇਣਾ ਬੇਹੱਦ ਲਾਜ਼ਮੀ ਹੈ।