ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ
ਬਿਜਲੀ ਵਿਭਾਗ ਵੱਲੋਂ ਨਿਰਧਾਰਤ 8 ਘੰਟੇ ਦੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ‘ਕਿਰਤੀ ਕਿਸਾਨ ਯੂਨੀਅਨ’ ਵੱਲੋਂ ਕਾਰਜਕਾਰੀ ਇੰਜਨੀਅਰ ਦੇ ਦਫਤਰ ਨੂੰ ਤਾਲਾ ਲਾ ਕੇ ਘਿਰਾਓ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਰਾਏਨਾਗਾ, ਪ੍ਰਗਟ ਸਿੰਘ ਝਬੇਲਵਾਲੀ, ਗਗਨਦੀਪ ਸਿੰਘ ਥਾਂਦੇਵਾਲਾ, ਲੱਖਾ ਸਿੰਘ ਵੜਿੰਗ, ਦਵਿੰਦਰ ਸਿੰਘ ਲੁਬਾਣਿਆਂ ਵਾਲੀ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ ਵਿੱਚ ਬਾਰਸ਼ਾਂ ਬਹੁਤ ਘੱਟ ਹੋਈਆਂ ਹਨ। ਇਸ ਕਰਕੇ ਝੋਨੇ ਲਈ ਪਾਣੀ ਦਾ ਸੰਕਟ ਹੈ। ਦੂਜੇ ਪਾਸੇ ਪਾਵਰਕੌਮ ਨੇ ਬਿਜਲੀ ਬੰਦ ਕਰ ਦਿੱਤੀ ਹੈ। ਝੋਨਾ ਸੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 8 ਘੰਟੇ ਬਿਜਲੀ ਸਪਲਾਈ ਖੇਤੀ ਲਈ ਦੇਣ ਦਾ ਵਾਅਦਾ ਕੀਤਾ ਹੈ ਪਰ ਵਿਭਾਗ ਨਹੀਂ ਦੇ ਰਿਹਾ। ਇਸੇ ਤਰ੍ਹਾਂ ਪਿੰਡਾਂ ਦੇ ਰਿਹਾਇਸ਼ੀ ਖੇਤਰ ’ਚ ਵੀ ਵੱਡੇ ਕੱਟ ਲੱਗੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਕੀਤੀ ਗਈ ਤਾਂ ਉਹ ਕਰੜਾ ਸੰਘਰਸ਼ ਵਿੱਢਣਗੇ। ਇਸ ਮੌਕੇ ਹਰਦੀਪ ਸਿੰਘ ਮਰਾੜ੍ਹ, ਜਸਪਾਲ ਸਿੰਘ, ਸੁਰਜੀਤ ਸਿੰਘ ਲੁਬਾਣਿਆਂ ਵਾਲੀ, ਜਗਮੋਹਨ ਸਿੰਘ ਵੜਿੰਗ ਅਤੇ ਗੁਰਸ਼ਰਨ ਸਿੰਘ ਮੌਜੂਦ ਸਨ। ਐਕਸੀਅਨ ਸੁਮਨ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਯਤਨ ਕਰਨਗੇ। ਇਸਤੇ ਕਿਸਾਨਾਂ ਨੇ ਹਾਲ ਦੀ ਘੜੀ ਧਰਨਾ ਮੁਲਤਵੀ ਕਰ ਦਿੱਤਾ ਹੈ।