ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 26 ਅਪਰੈਲ
ਖ਼ਰੀਦ ਕੇਂਦਰ ਰੂੜੇਕੇ ਕਲਾਂ ਵਿੱਚ ਹਫ਼ਤੇ ਤੋਂ ਖ਼ਤਮ ਹੋਏ ਬਾਰਦਾਨੇ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਗਸੀਰ ਸਿੰਘ ਕਾਲਾ ਅਤੇ ਮਨਪ੍ਰੀਤ ਸਿੰਘ ਮਨੀ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬਰਨਾਲਾ-ਮਾਨਸਾ ਸੜਕ ਜਾਮ ਕਰ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨ ਸ਼ਿੰਗਾਰਾ ਸਿੰਘ ਰੂੜੇਕੇ, ਗੁਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਹਫ਼ਤੇ ਤੋਂ ਮੰਡੀ ਵਿੱਚ ਆਪਣੀ ਕਣਕ ਦੀ ਤੁਲਾਈ ਲਈ ਬੈਠੇ ਬਾਰਦਾਨੇ ਨੂੰ ਉਡੀਕ ਰਹੇ ਹਨ, ਪਰ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਬਾਰਦਾਨਾ ਨਹੀਂ ਆਇਆ। ਉਨ੍ਹਾਂ ਨੂੰ ਮਜਬੂਰ ਹੋ ਕੇ ਰੋਡ ਜਾਮ ਕਰ ਕੇ ਧਰਨਾ ਲਗਾਉਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀ ਵਿੱਚ ਆੜ੍ਹਤੀਆਂ ਵੱਲੋਂ ਜੋ 20 ਫ਼ੀਸਦੀ ਬਾਰਦਾਨਾ ਆਪਣੇ ਕੋਲੋਂ ਲਾਇਆ ਜਾਣਾ ਸੀ, ਉਹ ਵੀ ਲਗਾ ਦਿੱਤਾ ਗਿਆ ਹੈ ਪਰ ਸਮੱਸਿਆ ਹਾਲੇ ਵੀ ਸਥਿਤੀ ਜਿਉਂ ਦੀ ਤਿਉਂ ਖੜ੍ਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਆੜ੍ਹਤੀਆਂ ਨੂੰ ਹੋਰ ਵੱਧ ਬਾਰਦਾਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਨਹੀਂ ਫਿਰ ਮੰਡੀਆਂ ਵਿੱਚ ਬਾਰਦਾਨਾ ਭੇਜਿਆ ਜਾਵੇ।
ਪਨਸਪ ਦੇ ਇੰਸਪੈਕਟਰ ਤਰਨਦੀਪ ਸਿੰਘ ਨੇ ਕਿਹਾ ਕਿ ਅੱਜ ਸ਼ਾਮ ਤੱਕ ਬਾਰਦਾਨਾ ਮਿਲਣ ਦੀ ਉਮੀਦ ਹੈ, ਜਦੋਂ ਵੀ ਬਾਰਦਾਨਾ ਪੁੱਜ ਗਿਆ ਤੁਲਾਈ ਦਾ ਕੰਮ ਚਲਾਇਆ ਜਾਵੇਗਾ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪਿੰਡ ਜਲਾਲ ਦੀ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਤੇ ਮਾੜੇ ਖ਼ਰੀਦ ਪ੍ਰਬੰਧਾਂ ਤੋਂ ਅੱਕੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ’ਚ ਪਿੰਡ ਦੇ ਬੱਸ ਅੱਡੇ ’ਤੇ ਬਾਜਾਖਾਨਾ-ਬਰਨਾਲਾ ਸੜਕ ਉੱਪਰ ਜਾਮ ਲਗਾ ਦਿੱਤਾ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਅਨਾਜ ਮੰਡੀ ਵਿੱਚ ਬਾਰਦਾਨੇ ਦਾ ਪ੍ਰਬੰਧ ਨਹੀਂ ਹੁੰਦਾ ਜਾਮ ਜਾਰੀ ਰਹੇਗਾ। ਬੀਕੇਯੂ (ਉਗਰਾਹਾਂ) ਦੇ ਆਗੂਆਂ ਸੁਖਜੀਤ ਸਿੰਘ ਕੋਠਾਗੁਰੂ, ਹਰਨੇਕ ਸਿੰਘ ਗੁੰਮਟੀ, ਨਿਹਾਲ ਸਿੰਘ, ਗੁਰਮੀਤ ਸਿੰਘ ਜਲਾਲ ਅਤੇ ਬੀਕੇਯੂ (ਰਾਜੇਵਾਲ) ਦੇ ਆਗੂ ਸੁਰਮੁੱਖ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਜਲਾਲ ਦੀ ਅਨਾਜ ਮੰਡੀ ਵਿੱਚ ਅਜੇ ਕਰੀਬ 75 ਹਜ਼ਾਰ ਗੱਟੇ ਦੀ ਖ਼ਰੀਦ ਰਹਿੰਦੀ ਹੈ ਪਰ ਬਾਰਦਾਨਾ ਨਾ ਆਉਣ ਕਾਰਨ ਕਣਕ ਦੀ ਖ਼ਰੀਦ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਪੰਦਰਾਂ ਦਿਨਾਂ ਤੋਂ ਬੈਠੇ ਬੋਲੀ ਦੀ ਉਡੀਕ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਕੱਲ੍ਹ ਕਿਸਾਨਾਂ ਵੱਲੋਂ ਮੰਡੀ ‘ਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਖ਼ਰੀਦ ਅਧਿਕਾਰੀਆਂ ਨੇ ਸ਼ਾਮ ਤੱਕ ਬਾਰਦਾਨੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ, ਜੋ ਕਿ ਪੂਰਾ ਨਹੀਂ ਹੋਇਆ ਤੇ ਕਿਸਾਨਾਂ ਨੂੰ ਅੱਜ ਜਾਮ ਲਗਾਉਣ ਲਈ ਮਜਬੂਰ ਹੋਣਾ ਪਿਆ। ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਜਾਮ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਪੁਲੀਸ ਵੱਲੋਂ ਟਰੈਫਿਕ ਨੂੰ ਬਦਲਵੇਂ ਰਸਤੇ ਰਾਹੀਂ ਲੰਘਾਇਆ ਜਾ ਰਿਹਾ ਹੈ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਤਹਿਤ ਪਿੰਡਾਂ ਵਿੱਚ ਵੀ ਬਾਰਦਾਨੇ ਦੀ ਸਮੱਸਿਆ ਪੈਰ ਪਸਾਰ ਰਹੀ ਹੈ। ਪਿੰਡ ਰੌਂਤਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਖਾਈ ਨੇ ਕਿਹਾ ਕਿ ਮੰਡੀਆਂ ਵਿੱਚ ਦੋ ਹਫ਼ਤਿਆਂ ਤੋਂ ਕਿਸਾਨ ਕਣਕ ਦੀ ਭਰਾਈ ਲਈ ਬਾਰਦਾਨੇ ਨੂੰ ਤਰਸ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਦੇ ਵਆਦਿਆਂ ਨੂੰ ਨਕਾਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਰੁਲਣ ਤੋਂ ਬਚਾਇਆ ਜਾਵੇ, ਨਹੀਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।