ਬਲਜੀਤ ਸਿੰਘ
ਸਰਦੂਲਗੜ੍ਹ, 26 ਜਲਾਈ
ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਨੂੰ ਖੇਤਾਂ ’ਚ ਵਾਹਿਆ ਜਾ ਰਿਹਾ ਹੈ ਪਰ ਸਰਕਾਰ ਤੇ ਸਬੰਧਤ ਮਹਿਕਮਾ ਸਿਰਫ਼ ਬਿਆਨਾਂ ਤੱਕ ਹੀ ਸੀਮਤ ਹਨ। ਇਹ ਪ੍ਰਗਟਾਵਾ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਨਰਮੇ ਦੀ ਫਸਲ ਵਾਹ ਰਹੇ ਕਿਸਾਨਾਂ ਨੇ ਭਰੇ ਮਨ ਨਾਲ ਕੀਤਾ। ਕਿਸਾਨ ਮੰਦਰ ਸਿੰਘ ਸਰਾਂ ਵੱਲੋਂ ਨਰਮਾ ਵਹਾਉਣ ਮੌਕੇ ਹਾਜ਼ਰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਪੰਜਾਬ ਸਿੰਘ, ਗੋਰਾ ਸਿੰਘ, ਮਨਿੰਦਰ ਸਿੰਘ, ਤਰਸੇਮ ਸਿੰਘ, ਮਾਣਕ ਸਿੰਘ ਹਰਦੀਪ ਸਿੰਘ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਤੇ ਸਬੰਧਤ ਮਹਿਕਮਾ ਕਿਸਾਨਾਂ ਦੀ ਬਾਂਹ ਨਹੀਂ ਫੜ ਰਿਹਾ। ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਮਾਲਵਾ ਪੱਟੀ ’ਚੋਂ ਨਰਮੇ ਦੀ ਫਸਲ ਨੂੰ ਨਾ ਬਚਾਇਆ ਗਿਆ ਤਾਂ ਨਰਮੇ ਦੀ ਫਸਲ ਦੀ ਥਾਂ ਖ਼ੁਦਕੁਸ਼ੀਆਂ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਰਮੇ ਦੇ ਬਣੇ ਟੀਂਡਿਆਂ ’ਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ ਜੋ ਆਉਣ ਵਾਲੇ ਦਿਨਾਂ ’ਚ ਭਿਆਨਕ ਰੂਪ ਅਖ਼ਤਿਆਰ ਕਰੇਗਾ। ਇਸੇ ਤਰ੍ਹਾਂ ਹੀ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਪਿੰਡ ਫੱਤਾ ਮਾਲੋਕਾ ’ਚ ਵੀ ਕਿਸਾਨ ਜਗਰੂਪ ਸਿੰਘ, ਸੁਖਦੇਵ ਸਿੰਘ ਤੇ ਪਰਗਟ ਸਿੰਘ ਨੇ ਆਪਣੀ ਨਰਮੇ ਦੀ 10 ਏਕੜ ਫਸਲ ਵਾਹ ਦਿੱਤੀ। ਪਿੰਡ ਭੰਮੇ ਕਲਾਂ ਦੇ ਕਿਸਾਨ ਹਰਫੂਲ ਸਿੰਘ ਨੇ ਇੱਕ ਏਕੜ ਤੇ ਰਾਮਾਂ ਨੰਦੀ ਦੇ ਕਿਸਾਨ ਗੁਰਦੀਪ ਸਿੰਘ ਨੇ ਦੋ ਏਕੜ ਨਰਮੇ ਦੀ ਫਸਲ ਗੁਲਾਬੀ ਸੁੰਡੀ ਤੋਂ ਤੰਗ ਆ ਕੇ ਵਾਹ ਦਿੱਤੀ। ਰਣਜੀਤਗੜ੍ਹ ਬਾਂਦਰਾਂ ਦੇ ਕਿਸਾਨ ਸੋਨਾ ਸਿੰਘ ਨੇ ਡੇਢ ਏਕੜ, ਸਰਦੂਲ ਸਿੰਘ ਨੇ ਇਕ ਏਕੜ, ਜਗਸੀਰ ਸਿੰਘ ਜੱਗੀ ਖਾਲਸਾ ਨੇ ਇਕ ਏਕੜ , ਬਾਵਾ ਸਿੰਘ ਨੇ ਦੋ ਏਕੜ, ਬਹਾਲਾ ਸਿੰਘ ਨੇ ਦੋ ਏਕੜ ਤੇ ਤਰਸੇਮ ਸਿੰਘ ਨੇ ਡੇਢ ਏਕੜ ਨਰਮੇ ਦੀ ਫਸਲ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਵਾਹ ਦਿੱਤੀ।
ਬੋਹਾ (ਨਿਰੰਜਣ ਬੋਹਾ) ਇਸ ਕੜੀ ਵਿਚ ਬੋਹਾ ਦੇ ਕਿਸਾਨ ਅਜੈਬ ਸਿੰਘ ਵੱਲੋਂ ਸੁੰਡੀ ਵੱਲੋਂ ਬਰਬਾਦ ਕੀਤੀ ਆਪਣੀ ਤਿੰਨ ਏਕੜ ਜ਼ਮੀਨ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂਆਂ ਦੀ ਹਾਜ਼ਰੀ ਵਿੱਚ ਵਾਹ ਦਿੱਤੀ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਅਵਤਾਰ ਸਿੰਘ ਦਹੀਆ, ਇਕਾਈ ਪ੍ਰਧਾਨ ਦੇਸਪਾਲ ਸਿੰਘ, ਅਜਮੇਰ ਸਿੰਗ ਬੋਹਾ, ਹਰੀ ਰਾਮ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਤੇ ਚਿੱਟੇ ਤੇਲੇ ਦਾ ਹਮਲਾ ਦੋ ਮਹੀਨੇ ਪਹਿਲਾਂ ਹੀ ਹੋ ਗਿਆ ਹੈ, ਜਿਸ ਕਾਰਨ ਇਹ ਨਰਮੇ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗਰੀਬ ਕਿਸਾਨਾਂ ਨੇ ਮਹਿੰਗੇ ਰੇਟ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਫਸਲ ਬੀਜੀ ਸੀ ਪਰ ਨਰਮੇ ’ਤੇ ਹੋਏ ਸੁੰਡੀ ਦੇ ਹਮਲੇ ਨੇ ਉਨ੍ਹਾਂ ਦੇ ਸਾਰੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ) ਸਰਕਾਰ ਦੀਆਂ ਫ਼ਸਲੀ ਬਦਲਾਅ ਦੀਆਂ ਹਦਾਇਤਾਂ ’ਤੇ ਗੌਰ ਕਰਦਿਆਂ ਇਸ ਵਾਰ ਕਾਫ਼ੀ ਕਿਸਾਨਾਂ ਨੇ ਨਰਮੇ ਦੀ ਬਿਜਾਈ ਕੀਤੀ ਸੀ ਪਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਕਹਿਰ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਪਿੰਡ ਗੁੰਮਟੀ ਕਲਾਂ ਦੇ ਕਿਸਾਨ ਸੁਖਦੇਵ ਸਿੰਘ ਨੇ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲੈ ਕੇ ਨਰਮਾ ਬੀਜਿਆ ਸੀ। ਪੰਜ-ਛੇ ਮਹਿੰਗੀਆਂ ਸਪਰੇਆਂ ਕਰਨ ਦੇ ਬਾਵਜੂਦ ਚਿੱਟੀ ਮੱਖੀ ਦਾ ਕਹਿਰ ਜਾਰੀ ਰਹਿਣ ਕਾਰਨ ਮਜਬੂਰਨ ਨਰਮਾ ਵਹੁਣਾ ਪਿਆ। ਗੁੰਮਟੀ ਦੇ ਕਿਸਾਨ ਪ੍ਰਤਾਪ ਸਿੰਘ ਮੈਂਬਰ ਨੂੰ ਵੀ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਆਪਣੀ 2 ਏਕੜ ਨਰਮੇ ਦੀ ਫ਼ਸਲ ਵਾਹੁਣੀ ਪਈ । ਦਿਆਲਪੁਰਾ ਮਿਰਜ਼ਾ ਦੇ ਕਿਸਾਨ ਅਮਰਵੀਰ ਸਿੰਘ ਨੇ ਤਿੰਨ ਕਿੱਲੇ ਨਰਮੇ ਦੀ ਫਸਲ ਵਾਹ ਦਿੱਤੀ ਹੈ।
ਚਿੱਟੀ ਮੱਖੀ ਦੇ ਹਮਲੇ ਤੋਂ ਕਿਸਾਨ ਪ੍ਰੇਸ਼ਾਨ; ਮਹਿਕਮਾ ਖਾਮੋਸ਼
ਮਾਨਸਾ (ਪੱਤਰ ਪ੍ਰੇਰਕ) ਮਾਲਵਾ ਪੱਟੀ ’ਚ ਬੀ.ਟੀ. ਕਾਟਨ ’ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਤੋਂ ਕਿਸਾਨਾਂ ’ਚ ਘਬਰਾਹਟ ਹੈ। ਘਬਰਾਏ ਹੋਏ ਕਿਸਾਨਾਂ ਨੂੰ ਸਹੀ ਸੇਧ ਦੇਣ ਲਈ ਭਾਵੇ ਪੰਜਾਬ ਸਰਕਾਰ ਨੇ ਇੱਕ ਦਿਨ ਲਈ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ’ਚ ਵਿਸ਼ੇਸ ਟੀਮਾਂ ਭੇਜੀਆਂ ਸੀ, ਜੋ ਕੁਝ ਕੁ ਪਿੰਡਾਂ ਵਿੱਚ ਜਾ ਕੇ ਸਾਰੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਸਕੀਆਂ। ਹੁਣ ਕਿਸਾਨ ਵੱਲੋਂ ਆਪਣੀ ਫਸਲ ਦੇ ਬਚਾਅ ਲਈ ਸਪਰੇਆਂ ਦਾ ਸਹਾਰਾ ਲਿਆ ਜਾਣ ਲੱਗਾ ਹੈ। ਉਂਝ, ਖੇਤੀ ਮਹਿਕਮੇ ਨੇ ਇਸ ਹਮਲੇ ਨੂੰ ਈਟੀਐੱਲ ਲੈਵਲ ਤੋਂ ਥੱਲੇ ਦੱਸਿਆ ਹੈ, ਜਦੋਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਵਿਭਾਗ ਦੇ ਅਧਿਕਾਰੀਆਂ ਦੀ ਸੁਸਤੀ ਕਾਰਨ ਪਿਛਲੇ ਸਾਲ ਗੁਲਾਬੀ ਸੁੰਡੀ ਨੇ ਨਰਮੇ ਦੇ ਖੇਤਾਂ ਨੂੰ ਤਬਾਹ ਕਰ ਦਿੱਤਾ ਸੀ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ’ਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ। ਇਸੇ ਦੌਰਾਨ ਖੇਤੀਬਾੜੀ ਵਿਭਾਗ ਨੇ ਨਰਮੇ ’ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਮੀਟਿੰਗ ਕਰਕੇ ਜ਼ਿਲ੍ਹੇ ਵਿਚਲੇ ਬਲਾਕ ਅਧਿਕਾਰੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਹੈ ਤੇ ਮੀਟਿੰਗ ਸਬੰਧੀ ਪੰਜਾਬ ਸਰਕਾਰ ਨੂੰ ਡੀਸੀ ਮਾਨਸਾ ਰਾਹੀਂ ਜਾਣੂ ਕਰਾਇਆ ਹੈ। ਉਧਰ, ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਦੇ ਕਿਸਾਨ ਤੇਜਾ ਸਿੰਘ ਨੰਬਰਦਾਰ ਨੇ ਦੋ ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਕੋਲ ਇਹ ਜ਼ਮੀਨ ਠੇਕੇ ਉਪਰ ਲੈ ਕੇ ਨਰਮੇ ਦੀ ਖੇਤੀ ਕੀਤੀ ਗਈ ਸੀ, ਜਿਸ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਅੱਕ ਕੇ ਵਾਹੁਣ ਲਈ ਮਜ਼ਬੂਰ ਹੋ ਪਿਆ।