ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਵੀ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਣ ਦੇ ਵਿਰੋਧ ਵਜੋਂ ਅੱਜ ਅੱਕੇ ਹੋਏ ਲੋਕਾਂ ਨੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੀ ਅਗਵਾਈ ਹੇਠ ਸੀਵਰੇਜ ਬੋਰਡ ਮਾਨਸਾ ਦੇ ਦਫ਼ਤਰ ਨੂੰ ਜਿੰਦਰਾ ਲਾ ਕੇ ਐੱਸਡੀਓ, ਨਗਰ ਕੌਂਸਲ ਦੇ ਪ੍ਰਧਾਨ ਅਤੇ ਤਿੰਨ ਵਾਰਡਾਂ ਦੇ ਕੌਂਸਲਰਾਂ ਨੂੰ ਦਫ਼ਤਰ ਅੰਦਰ ਬੰਦ ਕੀਤਾ ਗਿਆ। ਦਫ਼ਤਰ ਅੱਗੇ ਲਾਏ ਧਰਨੇ ਮੌਕੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ’ਤੇ ਬੈਠੀ ਸਰਕਾਰ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ ਅਤੇ ਆਮ ਲੋਕਾਂ ਦੀ ਸੁਣਵਾਈ ਤਾਂ ਦੂਰ ਚੁਣੇ ਹੋਈ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਨੂੰ ਧਰਨੇ ਦੇ ਨੋਟਿਸ ਦੇਣੇ ਪੈ ਰਹੇ ਹਨ।
ਕਾਮਰੇਡ ਰਾਣਾ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਸੀਵਰੇਜ ਦੇ ਪੱਕੇ ਹੱਲ ਲਈ ਬਣਾਂਵਾਲਾ ਥਰਮਲ ਪਲਾਂਟ ਨਾਲ ਕੀਤੇ ਸਮਝੌਤੇ ਨੂੰ ਲਾਗੂ ਕਰਵਾ ਕੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਗੰਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰ ਕੇ ਥਰਮਲ ਵਿੱਚ ਵਰਤਣ ਲਈ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਤੋਂ ਪਤਾ ਲੱਗਾ ਕਿ ਸੀਵਰੇਜ ਦਾ ਪਾਣੀ ਪੀਣ ਵਾਲੇ ਵਾਟਰ ਸਪਲਾਈ ਵਿੱਚ ਮਿਲਕੇ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਗੰਦਾ ਪਾਣੀ ਸੜਕਾਂ ’ਤੇ ਖੜ੍ਹਨ ਕਰ ਕੇ ਲੰਘਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਡੇਂਗੂ ਅਤੇ ਮਲੇਰੀਆ ਕਾਰਨ ਸੈਂਕੜੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਅਫ਼ਸਰ ਦਫ਼ਤਰਾਂ ’ਚੋਂ ਬਾਹਰ ਨਹੀਂ ਨਿਕਲ ਰਹੇ ਹਨ। ਇਸ ਮੌਕੇ ਸੁਰਿੰਦਰ ਸ਼ਰਮਾ, ਘਣਸ਼ਾਮ ਨਿੱਕੂ, ਬਲਵਿੰਦਰ ਸਿੰਘ ਘਰਾਂਗਣਾ, ਗੁਰਪਿਆਰ ਗੇਹਲੇ, ਪਰਦੀਪ ਸਿੰਘ ਖਾਲਸਾ, ਭੋਲਾ ਸਿੰਘ, ਨਰਿੰਦਰ ਕੁਮਾਰ ਤੇ ਜਸਵੀਰ ਸਿੰਘ ਨੇ ਸੰਬੋਧਨ ਕੀਤਾ।