ਪੱਤਰ ਪ੍ਰੇਰਕ
ਕਾਲਾਂਵਾਲੀ, 5 ਸਤੰਬਰ
ਰੇਲਵੇ ਵੱਲੋਂ ਨਵੀਂ ਸ਼ੁਰੂ ਕੀਤੀ ਗਈ ਫਿਰੋਜ਼ਪੁਰ-ਅਗਰਤਲਾ ਸੁੰਦਰੀ ਐਕਸਪ੍ਰੈੱਸ ਰੇਲਗੱਡੀ ਦਾ ਅਗਰਤਲਾ ਤੋਂ ਚੱਲ ਕੇ ਕਾਲਾਂਵਾਲੀ ਪੁੱਜਣ ਉੱਤੇ ਮੰਡੀ ਵਾਸੀਆਂ ਵੱਲੋਂ ਕਾਲਾਂਵਾਲੀ ਰੇਲਵੇ ਸੰਘਰਸ਼ ਸਮਿਤੀ ਦੇ ਬੈਨਰ ਹੇਠ ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਟਰੇਨ ਦਾ ਬੀਤੇ ਸੋਮਵਾਰ ਨੂੰ ਫਿਰੋਜ਼ਪੁਰ ਤੋਂ ਚੱਲ ਕੇ ਕਾਲਾਂਵਾਲੀ ਪੁੱਜਣ ’ਤੇ ਵੀ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ।
ਰੇਲਵੇ ਸੰਘਰਸ਼ ਸਮਿਤੀ ਦੇ ਪ੍ਰਧਾਨ ਨਰੇਸ਼ ਮਹੇਸ਼ਵਰੀ ਦੀ ਅਗਵਾਈ ਵਿੱਚ ਰੇਲ ਗੱਡੀ ਦੇ ਡਰਾਈਵਰ ਤੇ ਸਹਾਇਕ ਡਰਾਈਵਰ ਸਮੇਤ ਗਾਰਡ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮਠਿਆਈ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਟ੍ਰੇਨ ਦੇ ਕਾਲਾਂਵਾਲੀ ਪੁੱਜਣ ਅਤੇ ਠਹਿਰਾਅ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਸਮਿਤੀ ਵੱਲੋਂ ਕੀਤੇ ਗਏ ਪਚਾਰ ਤੇ ਪ੍ਰਸਾਰ ਕਰਕੇ ਕਾਲਾਂਵਾਲੀ ਤੋਂ ਕਾਫ਼ੀ ਗਿਣਤੀ ਵਿੱਚ ਲੋਕਾਂ ਨੇ ਬਠਿੰਡਾ, ਕੋਟਕਪੂਰਾ, ਫਰੀਦਕੋਟ ਤੇ ਫਿਰੋਜ਼ਪੁਰ ਆਦਿ ਸਥਾਨਾਂ ਉੱਤੇ ਜਾਣ ਲਈ ਟਿੱਕਟਾਂ ਦੀ ਬੂਕਿੰਗ ਕਰਵਾਈ।