ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਕਣਕ ਦੀ ਬਿਜਾਈ ਦੇ ਸੀਜ਼ਨ ਦੇ ਅੰਤ ’ਤੇ ਮਾਲਵਾ ਖੇਤਰ ਵਿੱਚ ਕਿਸਾਨ ਅਜੇ ਵੀ ਡੀਏਪੀ (ਡਾਇਮੋਨੀਅਮ ਫਾਸਫੇਟ) ਖਾਦ ਦੀ ਘਾਟ ਨਾਲ ਜੂਝ ਰਹੇ ਹਨ। ਬਠਿੰਡਾ ਦੀ ਦਾਣਾ ਮੰਡੀ ਵਿੱਚ ਅੱਜ ਇਫਕੋ ਦੇ ਸੈਂਟਰ ਵਿੱਚ ਡੀਏਪੀ ਖਾਦ ਲੈਣ ਲਈ ਸਵੇਰ ਤੋਂ ਹੀ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਭਾਗੂ ਪਿੰਡ ਦੇ ਬਾਦਲ ਸਿੰਘ ਨੇ ਕਿਹਾ ਕਿ ਉਹ ਸਵੇਰੇ 5 ਵਜੇ ਤੋਂ ਲਾਈਨ ਵਿਚ ਖੜ੍ਹਾ ਹੈ। ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਕੇਵਲ ਪਰਚੀਆਂ ਹੀ ਦਿੱਤੀਆਂ ਹਨ। ਪਿੰਡ ਨਰੂਆਣਾ ਤੋਂ ਆਇਆ ਵੀਲ੍ਹਚੇਅਰ ’ਤੇ ਬੈਠਾ ਇੱਕ ਬਜ਼ੁਰਗ ਵੀ ਖਾਦ ਲੈਣ ਲਈ ਜੱਦੋ ਜਹਿਦ ਕਰ ਰਿਹਾ ਸੀ। ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੁਸਾਇਟੀਆਂ ਵਿੱਚ ਡੀਏਪੀ ਦੀ ਲੋੜੀਂਦੀ ਸਪਲਾਈ ਹੈ ਅਤੇ ਉਹ ਇਸ ਨੂੰ ਪੜਾਅਵਾਰ ਵੰਡ ਰਹੇ ਹਨ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ, “ਬਠਿੰਡਾ ਜ਼ਿਲ੍ਹੇ ਵਿੱਚ ਹਾਲੇ ਵੀ 100 ਤੋਂ ਵੱਧ ਸਹਿਕਾਰੀ ਸਭਾਵਾਂ ਖਾਦ ਦੀ ਥੁੜ੍ਹ ਚੱਲ ਰਹੀ ਹੈ।’’ ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ ਤਕਰੀਬਨ 30 ਤੋਂ 35 ਫੀਸਦੀ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਜਦਕਿ ਕਿਸਾਨਾਂ ਦਾ ਵੱਡਾ ਵਰਗ ਅਜੇ ਵੀ ਡੀਏਪੀ ਦੀ ਉਡੀਕ ਕਰ ਰਿਹਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਚਿੰਤਤ ਹੈ ਤਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਰੁੱਧ ਸਖ਼ਤ ਕਾਰਵਾਈ ਕਰੇ।