ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਪਰੈਲ
ਪੰਜਾਬ ਦੇ ਕਿਸਾਨ ਨੂੰ ਸਭ ਤੋਂ ਵੱਡੀ ਮਾਰ ਮਹਿੰਗੇ ਡੀਜ਼ਲ ਦੀ ਪੈਣ ਲੱਗੀ ਹੈ। ਹੁਣ ਡੀਜ਼ਲ ਨਾਲ ਇਕੱਲੀ ਬਿਜਾਈ-ਕਢਾਈ ਦਾ ਕਾਰਜ ਹੀ ਨਹੀਂ ਹੁੰਦਾ ਸੀ, ਸਗੋਂ ਟਰੈਕਟਰ ਨਾਲ ਖੇਤਾਂ ’ਚ ਸਪਰੇਅ, ਪਾਣੀ ਲਈ ਜਰਨੇਟਰ ਦੀ ਵਰਤੋਂ, ਫ਼ਸਲ ਦੀ ਢੋਆ-ਢੋਆਈ, ਬਹਾਈ ਸਮੇਤ ਹੋਰ ਅਨੇਕਾਂ ਕਾਰਜ ਕਰਨੇ ਪੈਣ ਲੱਗੇ ਹਨ। ਅੱਜ ਕੱਲ੍ਹ ਜਦੋਂ ਕਿਸਾਨ ਸਾਉਣੀ ਦੀ ਬਿਜਾਈ ਵਿੱਚ ਉਲਝਿਆ ਹੋਇਆ ਹੈ ਤਾਂ ਉਸ ਨੂੰ ਹਾਲ ਹੀ ’ਚ ਵਧਾਏ ਡੀਜ਼ਲ ਦੀਆਂ ਕੀਮਤਾਂ ਵੱਧ ਤਾਰਨੀਆਂ ਪੈਣ ਲੱਗੀਆਂ ਹਨ। 93 ਰੁਪਏ ਤੋਂ ਉਪਰ ਹੋਏ ਡੀਜ਼ਲ ਨੇ ਸਭ ਤੋਂ ਵੱਧ ਰਗੜਾ ਕਿਸਾਨੀ ਨੂੰ ਲਾਇਆ ਹੈ। ਹੁਣ ਲਹੂ ਦੀਆਂ ਘੁੱਟਾਂ ਨਾਲ ਟਰੈਕਟਰ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਕਿਸਾਨ ਨੂੰ ਡੀਜ਼ਲ ਨੇ ਸਭ ਤੋਂ ਵੱਡੀ ਮਾਰ ਪਾਈ ਹੈ, ਜਿਸ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ।
ਡੀਜ਼ਲ ਦੀਆਂ ਹਰ-ਰੋਜ਼ ਵਧਦੀਆਂ ਕੀਮਤਾਂ ਨੇ ਸਭ ਤੋਂ ਵੱਧ ਕਿਸਾਨੀ ਦਾ ਲੱਕ ਤੋੜਿਆ ਹੈ। ਕਿਸਾਨਾਂ ਨੂੰ ਹੁਣ ਫ਼ਸਲ ਬੀਜਣ ਤੋਂ ਕਟਾਈ ਤੱਕ ਡੀਜ਼ਲ ਦੀ ਲੋੜ ਪੈਂਦੀ ਹੈ। ਸਮੇਂ-ਸਿਰ ਨਹਿਰੀ ਪਾਣੀ ਤੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਬੇਲੋੜਾ ਮਹਿੰਗਾ ਡੀਜ਼ਲ ਫੂਕਿਆ ਜਾ ਰਿਹਾ ਹੈ। ਕਿਸਾਨੀ ਦੇ ਕਰਜ਼ਾਈ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਡੀਜ਼ਲ ਦੀ ਮਹਿੰਗਾਈ ਵੀ ਮੰਨਿਆ ਜਾਣ ਲੱਗਾ ਹੈ।
ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਕਿਸਾਨ ਤੋਂ ਇਲਾਵਾ ਹੋਰ ਵਰਗਾਂ ਦੇ ਖਪਤਕਾਰਾਂ ’ਚ ਭਾਰੀ ਰੋਸ ਪਾਇਆ ਜਾਣ ਲੱਗਾ ਹੈ, ਕਿਉਂਕਿ ਪਹਿਲਾਂ ਹੀ ਵਧੀ ਹੋਈ ਮਹਿੰਗਾਈ ਨੇ ਉਨ੍ਹਾਂ ਦਾ ਨੱਕ ’ਚ ਦਮ ਕਰ ਰੱਖਿਆ ਹੈ। ਵਾਧੇ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਡੀਜ਼ਲ ਕੀਮਤਾਂ ’ਚ ਉਪਰੋਥਲੀ ਵਾਰ-ਵਾਰ ਵਾਧਾ ਕਰਕੇ ਪਹਿਲਾਂ ਹੀ ਲੋਕਾਂ ਨੂੰ ਨਪੀੜਿਆ ਜਾ ਚੁੱਕਿਆ ਹੈ ਤੇ ਹੁਣ ਡੀਜ਼ਲ ਦੇ ਹਰ ਰੋਜ਼ ਵਾਧੇ ਨਾਲ ਸਮੁੱਚੇ ਅਰਥਚਾਰੇ ਤੇ ਕਾਰੋਬਾਰ ’ਤੇ ਮਾੜਾ ਪ੍ਰਭਾਵ ਪੈਣ ਲੱਗਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਪੈਟਰੋਲੀਅਮ ਪਦਾਰਥਾਂ ’ਤੇ ਮੋਟਾ ਟੈਕਸ ਲਗਾ ਰਹੀ ਹੈ, ਜਿਸ ਦਾ ਭਾਅ ਆਮ ਆਦਮੀ ’ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਸਰਕਾਰ ਦਾ ਟੈਕਸ ਵੀ ਵਧਦਾ ਰਹਿੰਦਾ ਹੈ, ਜੋ ਆਮ ਆਦਮੀ ਦੇ ਸਿਰ ਤੋਂ ਇਕੱਠਾ ਕੀਤਾ ਜਾਂਦਾ ਹੈ ਤੇ ਅਕਸਰ ਰਿਆਇਤਾਂ ਦੇ ਗੱਫੇ ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ।