ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਨਵੰਬਰ
ਕਰੀਬ ਸਵਾ ਸਾਲ ਪਹਿਲਾਂ ਹੋਏ ਨਾਬਾਲਗ ਲੜਕੇ ਦੇ ਕਤਲ ਦੇ ਦੋਸ਼ ਹੇਠ ਪੁਲੀਸ ਨੇ ਹੁਣ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕਤਰਫ਼ਾ ਪਿਆਰ ‘ਚ ਅੰਨ੍ਹੇ ਹੋਏ ਲੜਕੇ ਨੇ ਰਸਤੇ ‘ਚ ਅੱੜਿਕਾ ਬਣੇ ਲੜਕੀ ਦੇ ਨਾਬਾਲਗ ਲੜਕੇ ਦਾ ਕੱਸੀਆ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡੀ. ਸੁਡਰਵਿਲੀ ਨੇ ਦੱਸਿਆ ਕਿ 17 ਸਤੰਬਰ 2019 ਨੂੰ ਥਾਣਾ ਸਦਰ ਵਿੱਚ ਪੰਨਾ ਲਾਲ ਵਾਸੀ ਪਿੰਡ ਬਾਉਲੀ (ਕਸਬਾ ਗੋਰਖਪੁਰਾ) ਜ਼ਿਲ੍ਹਾ ਖੁਸ਼ੀ ਨਗਰ ਯੂਪੀ ਹਾਲ ਆਬਾਦ ਪਿੱਛੇ ਲਹੌਰੀਆਂ ਦਾ ਢਾਬਾ ਨੇੜੇ ਪੇਪਰ ਮਿੱਲ ਪਿੰਡ ਰੁਪਾਣਾ ਨੇ ਬਿਆਨ ਦਰਜ ਕਰਵਾਏ ਉਸ ਦੇ ਨਾਬਾਲਗ ਲੜਕੇ ਕ੍ਰਿਸ਼ਨ (10) ਦਾ ਕਿਸੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਤਲ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਛਾਣ-ਬੀਣ ਕਰਨ ‘ਤੇ ਸਾਹਮਣੇ ਆਇਆ ਕਿ ਪੰਨਾ ਲਾਲ ਦਾ ਗੁਆਂਢੀ ਨਾਬਾਲਗ ਲੜਕਾ ਮ੍ਰਿਤਕ ਦੀ ਭੈਣ ‘ਤੇ ਮਾੜੀ ਅੱਖ ਰੱਖਦਾ ਸੀ ਜਿਸ ਵਿੱਚ ਲੜਕੀ ਦੀ ਸਹਿਮਤੀ ਨਹੀਂ ਸੀ। ਮੋਹਨ ਨੇ ਲੜਕੀ ਦੇ ਭਰਾ ਕ੍ਰਿਸ਼ਨਾ ਨੂੰ ਰਾਹ ਦਾ ਰੋੜਾ ਸਮਝਦਿਆਂ ਉਸਦਾ ਕਤਲ ਕਰ ਦਿੱਤਾ। ਪੁਲੀਸ ਵੱਲੋਂ ਦੋਸ਼ੀ ਨੂੰ ਜੂਵੇਨਾਇਲ ਮੁਲਜ਼ਮ ਵਜੋਂ ਮੁਕੱਦਮੇ ‘ਚ ਨਾਮਜ਼ਦ ਕਰਦਿਆਂ ਕਾਬੂ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।