ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਦਸੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਠੰਢ ਦੇ ਮੌਸਮ ਵਿੱਚ ਠੰਢੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਬਾਵਜੂਦ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਸਲਾਮ ਹੋ ਰਹੀ ਹੈ। ਕਿਸਾਨ ਸਾਰੀਆਂ ਰੁਕਾਵਟਾਂ ਪਾਰ ਕਰ ਕੇ ਦਿੱਲੀ ਪਹੁੰਚ ਗਏ ਹਨ। ਇਨਕਲਾਬੀ ਰੰਗ ਵਿੱਚ ਰੰਗੇ ਗਏ ਇਸ ਫ਼ੈਸਲਾਕੁਨ ਕਿਸਾਨੀ ਸੰਘਰਸ਼ ਵਿੱਚ ਸੂਬੇ ਭਰ ’ਚੋਂ ਵੱਡੀ ਗਿਣਤੀ ਵਿੱਚ ਮੁਟਿਆਰਾਂ, ਬੱਚੇ ਤੇ ਇਨਕਲਾਬੀ ਜੁਝਾਰੂ ਵੀ ਪਹੁਚੇ ਹਨ। ਦਿੱਲੀ ਪਹੁੰਚੇ ਇਨਕਲਾਬੀ ਆਗੂ ਸੁਖਜਿੰਦਰ ਮਹੇਸਰੀ ਤੇ ਵਿੱਕੀ ਮਹੇਸਰੀ ਨੇ ਕਿਹਾ ਕਿ ਅਜਿਹੇ ਸਮੇਂ ਇਨਕਲਾਬੀ ਅਤੇ ਕਿਸਾਨ ਜਥੇਬੰਦੀਆਂ ਦੀ ਏਕਤਾ ਸੂਬੇ ਅੰਦਰ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਹਿੰਦੂ ਰਾਸ਼ਟਰ ਦੀ ਹਿੰਦੂ ਫਾਸ਼ੀਵਾਦੀ ਘਿਨਾਉਣੀ ਸਾਜ਼ਿਸ਼ ਤਹਿਤ ਜਿੱਥੇ ਦੇਸ਼ ਅੰਦਰ ਲੋਕ ਹਿਤਾਂ ਲਈ ਸੰਘਰਸ਼ ਕਰਦੀ ਹਰ ਅਵਾਜ਼ ਨੂੰ ਦੇਸ਼ ਖ਼ਿਲਾਫ਼ ਬਗਾਵਤ ਦੇ ਕਾਲੇ ਕਾਨੂੰਨ (ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਰਾਹੀਂ ਦਬਾਇਆ ਜਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਅਤੇ ਕਾਲੇ ਕਾਨੂੰਨਾਂ ਖਿਲਾਫ ਬੋਲਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਬੁਖਲਾਹਟ ਵਿੱਚ ਆ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਹਰ ਹੱਥਕੰਡੇ ਅਪਣਾਏ ਜਾ ਰਹੇ ਹਨ।
ਹਰਿਆਣਾ ’ਚ ਕਿਸਾਨ ਕਾਫਲੇ ਦਾ ਸਵਾਗਤ
ਇਕਬਾਲ ਸ਼ਾਂਤ
ਡੱਬਵਾਲੀ, 27 ਨਵੰਬਰ
ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਕੀਤਾ। ਰਾਹ ਵਿੱਚ ਪਿੰਡਾਂ ’ਚ ਹਰਿਆਣਵੀ ਲੋਕਾਂ ਨੇ ਚਾਹ ਪਕੌੜੇ ਤੇ ਲੱਡੂਆਂ ਦੇ ਲੰਗਰ ਲਾ ਕੇ ਆਪਣਾ ਸਮਰਥਨ ਦਿੱਤਾ ਅਤੇ ਬਹੁਤ ਸਾਰੇ ਹਰਿਆਣਵੀ ਲੋਕ ਤੇ ਕਿਸਾਨ ਇਸ ਘੋਲ਼ ਦਾ ਹਿੱਸਾ ਬਣ ਕੇ ਕਾਫ਼ਲਿਆਂ ਨਾਲ ਚੱਲ ਪਏ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਮੋਦੀ ਸਰਕਾਰ ਨੂੰ ਸੱਤਾ ’ਚ ਆਈ ਸਭ ਤੋਂ ਮਾੜੀ ਸਰਕਾਰ ਦੱਸਦਿਆਂ ਕਿਸਾਨਾਂ ਨੂੰ ਇਸ ਦੀਆਂ ਜੜ੍ਹਾਂ ਪੁੱਟ ਕੇ ਹੀ ਦਿੱਲੀਓਂ ਮੁੜਨ ਦੀ ਅਪੀਲ ਕੀਤੀ।