ਸ੍ਰੀ ਮੁਕਤਸਰ ਸਾਹਿਬ: ਬੱਸ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਕੇ ਲਾਪ੍ਰਵਾਹੀ ਨਾਲ ਬੱਸ ਸਫੈਦੇ ’ਚ ਮਾਰਨ ’ਤੇ ਥਾਣਾ ਸਦਰ ਮੁਕਤਸਰ ਪੁਲੀਸ ਨੇ ਬੱਸ ਡਰਾਈਵਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਸ਼ਨ ਸਿੰਘ ਵਾਸੀ ਮੱਲਵਾਲਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਪਿੱਪਲ ਸਿੰਘ ਵਾਸੀ ਈਨਾ ਖੇੜਾ ਨੇ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੀ ਬੱਸ ਨੂੰ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾ ਕੇ ਸਫੈਦੇ ਵਿੱਚ ਮਾਰ ਕੇ ਸਵਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬੱਸ ਡਰਾਈਵਰ ਪਿੱਪਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ। -ਨਿੱਜੀ ਪੱਤਰ ਪ੍ਰੇਰਕ