ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ , 1 ਅਗਸਤ
ਦੋ ਵਿਅਕਤੀਆਂ ਵੱਲੋਂ ਇਕ ਮਜ਼ਦੂਰ ਦੀ ਟਰੈਕਟਰ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਰ ਸ਼ਾਮ ਪੁਲੀਸ ਨੇ ਭੱਠੇ ਦੇ ਦੋ ਮੁਨੀਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦਾ ਕੇਂਦਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਨੋਟਿਸ ਲੈਂਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਦੋ ਵਿਅਕਤੀਆਂ ਵੱਲੋਂ ਇਕ ਮਜ਼ਦੂਰ ਨੂੰ ਅਰਧ ਨਗਨ ਹਾਲਤ ’ਚ ਟਰੈਕਟਰ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਹੈ ਤੇ ਜਦੋਂ ਮਜ਼ਦੂਰ ਕੁੱਟਣ ਵਾਲਿਆਂ ਉੱਪਰ ਇੱਟਾਂ ਚੋਰੀ ਦੇ ਦੋਸ਼ ਲਾਉਂਦਾ ਹੈ ਤਾਂ ਉਸ ਦੇ ਮੂੰਹ ਉਪਰ ਕੱਪੜਾ ਬੰਨ੍ਹ ਦਿੱਤਾ ਜਾਂਦਾ ਹੈ। ਇਸ ਦੌਰਾਨ ਮਜ਼ਦੂਰ ਆਗੂ ਜਗਜੀਤ ਸਿੰਘ ਜੱਸੇਆਣਾ ਅਤੇ ਤਰਸੇਮ ਸਿੰਘ ਖੁੰਡੇਹਲਾਲ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਸਦਰ ਮੁਕਤਸਰ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਪਿੰਡ ਲੰਬੀ ਢਾਬ ਦਾ ਰਹਿਣ ਵਾਲਾ ਹੈ ਅਤੇ ਕੁੱਟਮਾਰ ਕਰਨ ਵਾਲੇ ਪਿੰਡ ਬਧਾਈ ਦੇ ਇੱਕ ਭੱਠੇ ਦੇ ਮੁਨੀਮ ਹਨ। ਵੀਡੀਓ ਪਿੰਡ ਲੰਬੀ ਢਾਬ ਦੇ ਇਕ ਭੱਠੇ ਦੀ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਮਜ਼ਦੂਰ ਜਗਮੀਤ ਸਿੰਘ ਉਰਫ ਨਿੱਕਾ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਲੰਬੀ ਢਾਬ ਦੇ ਬਿਆਨਾਂ ’ਤੇ ਭੱਠੇ ਦੇ ਮੁਨੀਮ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਵਕੀਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਐਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰ ’ਤੇ ਜ਼ੁਲਮ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।