ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਦਸੰਬਰ
ਜ਼ਿਲ੍ਹਾ ਸਦਰ ਮੁਕਾਮ ਬਣਨ ਤੋਂ 26 ਸਾਲ ਬਾਅਦ ਇਥੇ ਜ਼ਿਲ੍ਹਾ ਭਾਸ਼ਾ ਵਿਭਾਗ ਦਫ਼ਤਰ ਹੋਂਦ ’ਚ ਆਇਆ ਹੈ। ਡਾ. ਅਜੀਤਪਾਲ ਸਿੰਘ ਨੂੰ ਪਹਿਲੇ ਜ਼ਿਲ੍ਹਾ ਭਾਸ਼ਾ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਇਥੇ ਪ੍ਰਮੁੱਖ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਤੇ ਹੋਰਾਂ ਦੀ ਹਾਜ਼ਰੀ’ਚ ਦਫ਼ਤਰ ਦਾ ਉਦਘਾਟਨ ਹੋਇਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਸਬੰਧੀ ਭਾਸ਼ਾ ਵਿਭਾਗ ਦੀਆਂ ਯੋਜਨਾਵਾਂ ’ਤੇ ਚਾਨਣਾ ਪਾਉਂਦਿਆਂ ਇਲਾਕੇ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਦਫ਼ਤਰ ਖੋਲ੍ਹੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਭਾਸ਼ਾ ਸ਼ਾਸਤਰੀ ਅਮਰ ਸੂਫ਼ੀ ਨੇ ਪੰਜਾਬੀ ਬੋਲ-ਚਾਲ ਉੱਪਰ ਹਾਵੀ ਹੋ ਰਹੇ ਅੰਗਰੇਜ਼ੀ ਭਾਸ਼ਾ ਦੇ ਰੁਝਾਨ ਸਬੰਧੀ ਚਿੰਤਾ ਵਿਅਕਤ ਕੀਤੀ। ਇਸ ਮੌਕੇ ਪਰਮਜੀਤ ਸਿੰਘ ਚੂਹੜਚੱਕ ਨੇ ਭਾਸ਼ਾ ਵਿਭਾਗ ਦੁਆਰਾ ਮੋਗਾ ਵਿਖੇ ਉਰਦੂ ਅਤੇ ਸਟੈਨੋਗ੍ਰਾਫੀ ਦੇ ਕੋਰਸ ਸ਼ੁਰੂ ਕੀਤੇ ਜਾਣ ਸਬੰਧੀ ਸਾਹਿਤ ਸਭਾਵਾਂ ਦੀ ਮੰਗ ਬਾਰੇ ਜਾਣੂ ਕਰਵਾਇਆ। ਸੁਰਜੀਤ ਸਿੰਘ ਕਾਉਂਕੇ ਅਤੇ ਜਸਵੀਰ ਸਿੰਘ ਕਲਸੀ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ, ਨੂੰ ਪੁਸਤਕਾਂ ਭੇਟ ਕੀਤੀਆਂ।