ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 29 ਅਪਰੈਲ
ਜ਼ੀਰਾ -ਕੋਟ ਈਸੇ ਖਾਂ ਸੜਕ ਤੇ ਅਵਾਣ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਵੱਡੀ ਗਿਣਤੀ ਵਿੱਚ ਕਣਕ ਦੀਆਂ ਬੋਰੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ’ਤੇ ਕਾਬੂ ਪਾਉਣ ਲਈ ਵੱਖ -ਵੱਖ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੇ ਟੈਂਡਰ ਮਗਵਾਏਗ ਗਏ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੌਕੇ ਤੇ ਪਹੁੰਚੇ ਡੀਸੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਗੁਦਾਮ ਵਿੱਚ 2 ਲੱਖ ਦੇ ਕਰੀਬ ਕਣਕ ਦੀਆਂ ਬੋਰੀਆਂ ਕਰੀਬ 27 ਚੱਕਿਆਂ ’ਤੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ 87000 ਦੇ ਕਰੀਬ ਕਣਕ ਦੀਆਂ ਬੋਰੀਆਂ ਅੱਗ ਲੱਗਣ ਨਾਲ ਨੁਕਸਾਨੀਆ ਗਈਆਂ। ਇਸ ਮੌਕੇ ਪਹੁੰਚੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਅੱਗ ਲੱਗਣ ਨਾਲ ਕਿੰਨਾ ਨੁਕਸਾਨ ਹੋਇਆ ਹੈ , ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
ਬਰਨਾਲਾ-ਮੋਗਾ ਹਾਈਵੇਅ ’ਤੇ ਚਲਦੀ ਸਕਾਰਪੀਓ ਨੂੰ ਲੱਗੀ ਅੱਗ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਬਰਨਾਲਾ-ਮੋਗਾ ਹਾਈਵੇਅ ’ਤੇ ਅਰਮਾਨ ਹੋਟਲ ਨੇੜੇ ਫਲਾਈ ਓਵਰ ਵਾਲੀ ਸੜਕ ’ਤੇ ਜਾਂਦਿਆਂ ਹੀ ਅਚਾਨਕ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਗੱਡੀ ਦੇ ਚਾਲਕ ਗੁਰਲਾਲ ਸਿੰਘ ਵਾਸੀ ਤਾਜੋਕੇ ਨੇ ਦੱਸਿਆ ਕਿ ਉਹ ਬਰਨਾਲਾ ਤੋਂ ਪਿੰਡ ਨੂੰ ਫਲਾਈਓਵਰ ਰਾਹੀਂ ਜਾ ਰਿਹਾ ਸੀ। ਕਿ ਅਚਾਨਕ ਸਕਾਰਪੀਓ ਗੱਡੀ ਨੰਬਰ ਐੱਚ ਆਰ 12 ਟੀ 8803 ’ਚ ਅੱਗ ਲੱਗ ਗਈ। ਪੀੜਤ ਨੇ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਨਾਲ ਸੜ ਗਈ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ’ਚ ਨੇ ਜਲਦ ਹੀ ਅੱਗ ’ਤੇ ਕਾਬੂ ਪਾ ਲਿਆ।
80 ਏਕੜ ਨਾੜ ਸੜਿਆ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਦੀ ਜਮੀਨ ਵਿੱਚ ਅਚਾਨਕ ਅੱਗ ਲੱਗ ਗਈ। ਹਨੀ ਫੱਤਣਵਾਲਾ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਕਾਰਨ 55 ਕਿੱਲੇ ਉਨ੍ਹਾਂ ਦਾ ਤੇ ਕਰੀਬ 25 ਕਿੱਲੇ ਆਸ ਪਾਸ ਦੇ ਲੋਕਾਂ ਦਾ ਕਣਕ ਦਾ ਨਾੜ ਸੜ੍ਹ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਕਿੰਨੂਆਂ ਦੇ ਬਾਗ ਦੇ 15 ਦੇ ਕਰੀਬ ਬੂਟੇ ਪੂਰੀ ਤਰ੍ਹਾ ਸੜ੍ਹ ਗਏ ਜਦਕਿ 20 ਹੋਰ ਬੂਟਿਆਂ ਦਾ ਨੁਕਸਾਨ ਹੋ ਗਿਆ।
ਮਜ਼ਦੂਰ ਦੀ ਝੁੱਗੀ ਤੇ ਸਾਮਾਨ ਸੜਿਆ
ਫ਼ਿਰੋਜ਼ਪੁੁਰ (ਨਿੱਜੀ ਪੱਤਰ ਪ੍ਰੇਰਕ): ਇਥੇ ਮੁਕਤਸਰ ਰੋਡ ’ਤੇ ਸਥਿਤ ਪਿੰਡ ਝੋਕ ਹਰੀ ਹਰ ਵਿਚ ਮਸ਼ੀਨੀ ਭੱਠੇ ਤੇ ਕੰਮ ਕਰਨ ਵਾਲਾ ਮਜ਼ਦੂਰ ਜੱਸਾ ਆਪਣੇ ਬਜ਼ੁਰਗ ਮਾਂ-ਪਿਉ ਨਾਲ ਝੁੱਗੀ ਵਿਚ ਰਹਿੰਦਾ ਸੀ। ਨੇੜਲੇ ਖੇਤ ਵਿਚ ਨਾੜ ਨੂੰ ਲੱਗੀ ਅੱਗ ਨੇ ਇਸ ਦੀ ਝੁੱਗੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਝੁੱਗੀ ਤੱਕ ਸੇਕ ਪਹੁਚਿਆਂ ਤਾਂ ਤਿੰਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਅੱਗ ਲੱਗਣ ਨਾਲ ਮੋਟਰਸਾਈਕਲ ਤੇ ਹੋਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।