ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 26 ਅਪਰੈਲ
ਪੁਰਾਣੀ ਸਬਜ਼ੀ ਮੰਡੀ ਵਿੱਚ ਬੀਤੀ ਰਾਤ ਸਾਢੇ ਗਿਆਰਾਂ ਵਜੇ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਪੰਜ ਖੋਖੇ ਸੜ ਗਏ। ਸ਼ਹਿਰ ਵਾਸੀਆਂ, ਪਿੰਡਾਂ ਦੇ ਨੌਜਵਾਨਾਂ ਅਤੇ ਮੋਗਾ ਤੋਂ ਆਈ ਅੱਗ ਬੁਝਾਊ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਖੋਖਿਆਂ ਦੇ ਮਾਲਕ ਹਰਪ੍ਰੀਤ ਸਿੰਘ, ਰੂਪ ਸਿੰਘ, ਧੰਨਾ ਸਿੰਘ ਤੇ ਮੱਖ ਸਿੰਘ ਨੇ ਦੱਸਿਆ ਕਿ ਖੋਖਿਆਂ ਵਿੱਚ ਫ਼ਲ, ਸਬਜ਼ੀਆਂ, ਜੂਸ ਤੇ ਫ਼ਰਨੀਚਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਾਮਰੇਡ ਅਮੀ ਚੰਦ ਵੈੱਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਇੰਦਰਜੀਤ ਗਰਗ ਨੇ ਕਿਹਾ ਕਿ ਨਿਹਾਲ ਸਿੰਘ ਵਾਲਾ ਵਿੱਚ ਅੱਗ ਬੁਝਾਊ ਟੈਂਕੀ ਬਣਾਈ ਜਾਵੇਗੀ ਜਿਸ ਦਾ ਅੱਧਾ ਖਰਚਾ ਤੇ ਟਰੈਕਟਰ ਸੋਸਾਇਟੀ ਵੱਲੋਂ ਦਿੱਤਾ ਜਾਵੇਗਾ। ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ। ਨਿਹਾਲ ਸਿੰਘ ਵਾਲਾ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਲੇ ਨਾਲ ਭਰੇ ਟਰੱਕ ਦਾ ਅੱਗ ਲੱਗਣ ਤੋਂ ਬਚਾਅ
ਲੰਬੀ (ਇਕਬਾਲ ਸਿੰਘ ਸ਼ਾਂਤ): ਇੱਥੇ ਮੰਡੀ ਕਿੱਲਿਆਂਵਾਲੀ ’ਚ ਧਰਮ ਕੰਡੇ ਦੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੀ ਮੁਸਤੈਦੀ ਕਾਰਨ ਕੱਚੇ ਕੋਲੇ ਨਾਲ ਭਰੇ ਟਰੱਕ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ। ਧਰਮ ਕੰਡੇ ਦੇ ਕਰਮਚਾਰੀਆਂ ਨੇ ਸਬਮਰਸੀਬਲ ਪੰਪ ਦੇ ਪਾਣੀ ਨਾਲ ਅੱਗ ’ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਡੂਮਵਾਲੀ ਰੋਡ ’ਤੇ ਫਾਟਕ ਨੇੜੇ ਸਥਿਤ ਕੋਲੇ ਦੀ ਹੈਪੀ ਭੱਠੀ ਤੋਂ ਕੱਚੇ ਕੋਲੇ ਦਾ ਟਰੱਕ ਅੰਮ੍ਰਿਤਸਰ ਲਿਜਾਣ ਲਈ ਲੱਦਿਆ ਗਿਆ ਸੀ। ਜਦੋਂ ਟਰੱਕ, ਧਰਮ ਕੰਡੇ ’ਤੇ ਵਜ਼ਨ ਕਰਵਾਉਣ ਪੁੱਜਾ ਤਾਂ ਨੇੜਲੀਆਂ ਦੁਕਾਨਾਂ ਮੂਹਰੇ ਬੈਠੇ ਮਜ਼ਦੂਰਾਂ ਨੇ ਵੇਖਿਆ ਕਿ ਟਰੱਕ ਵਿੱਚ ਲੱਦਿਆ ਕੋਲਾ ਧੁਖ ਰਿਹਾ ਸੀ ਅਤੇ ਉਸ ਦੀਆਂ ਪਿਛਲੇ ਹਿੱਸੇ ਦੀਆਂ ਬੋਰੀਆਂ ’ਚ ਅੱਗ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਕੰਡੇ ਦੇ ਮੁਲਾਜ਼ਮ ਰਣਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਤੁਰੰਤ ਟਰੱਕ ਪਾਸੇ ਲਗਵਾ ਕੇ ਕੰਡੇ ਦਾ ਸਬਮਰਸੀਬਲ ਪੰਪ ਚਾਲੂ ਕਰ ਲਿਆ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ।