ਜੋਗਿੰਦਰ ਸਿੰਘ ਮਾਨ
ਮਾਨਸਾ, 25 ਜੂਨ
ਮਾਨਸਾ ਪੁਲੀਸ ਨੇ ਭੋਲੇ-ਭਾਲੇ ਲੋਕਾਂ ’ਤੇ ਗਲਤ ਦੂਸ਼ਣ ਲਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਪੈਸੇ ਬਟੋਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਨਿਰਮਲ ਸਿੰਘ ਵਾਸੀ ਪਿੰਡ ਘੁੰਮਣ ਕਲਾਂ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਕੋਲ ਬਿਆਨ ਲਿਖਵਾਇਆ ਸੀ ਕਿ ਉਹ ਆਪਣੇ ਮੋੋਟਰਸਾਈਕਲ ’ਤੇ ਪਸ਼ੂ ਮੇਲਾ ਰਮਦਿੱਤੇਵਾਲਾ ਤੋੋਂ ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਫ਼ੌਜੀ ਪੈਟਰੋਲ ਪੰਪ ਨੇੜੇ ਇੱਕ ਔਰਤ ਨੇ ਹੱਥ ਦੇ ਕੇ ਉਸ ਨੂੰ ਰੋੋਕ ਲਿਆ। ਉਨ੍ਹਾਂ ਕਿਹਾ ਕਿ ਜਦੋੋਂ ਉਹ ਉਸ ਨੂੰ ਘਰ ਛੱਡਣ ਲਈ ਗਿਆ ਤਾਂ ਮੁਲਜ਼ਮਾਂ ਨੇ ਪਹਿਲਾਂ ਬਣਾਈ ਵਿਉਂਤ ਮੁਤਾਬਕ ਉਸ ਨੂੰ ਜਬਰਦਸਤੀ ਬੰਦੀ ਬਣਾ ਲਿਆ ਅਤੇ ਉਸਦੇ ਕੱਪੜੇ ਲੁਹਾ ਕੇ ਉਸਦੀਆਂ ਅਸ਼ਲੀਲ ਫੋੋਟੋੋਆਂ ਖਿੱਚ ਲਈਆਂ ਅਤੇ ਇਨ੍ਹਾਂ ਨੂੰ ਵਾਇਰਲ ਕਰ ਕੇ ਬਦਨਾਮੀ ਕਰਨ ਦਾ ਡਰ ਦਿਖਾ ਕੇ ਉਸ ਨਾਲ 70 ਹਜ਼ਾਰ ਰੁਪਏ ਦਾ ਸੌੌਦਾ ਤੈਅ ਕਰ ਕੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਉਸ ’ਤੇ ਦਬਾਅ ਪਾਇਆ। ਮੁਲਜ਼ਮਾਂ ਨੇ ਪੈਸਿਆਂ ਬਦਲੇ ਮੁੱਦਈ ਦਾ ਮੋੋਟਰਸਾਈਕਲ ਅਤੇ ਮੋੋਬਾਈਲ ਕੋਲ ਰੱਖ ਲਿਆ। ਮੁੱਦਈ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਬਹਾਨੇ ਉਨ੍ਹਾਂ ਤੋੋਂ ਬਚਕੇ ਬਾਹਰ ਆਇਆ ਅਤੇ ਥਾਣਾ ਸਿਟੀ-1 ਮਾਨਸਾ ’ਚ ਕੇਸ ਦਰਜ ਕਰਵਾਇਆ। ਐੱਸਐੱਸਪੀ ਸ੍ਰੀ ਤੂਰਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਚਿੰਤੋੋ ਉਰਫ਼ ਪਾਲੀ ਕੌੌਰ, ਮੂਰਤੀ ਕੌੌਰ, ਰਿੰਪੀ ਉਰਫ ਪਰਮਜੀਤ ਕੌੌਰ, ਕਾਲੀ ਸਿੰਘ ਅਤੇ ਬਲਜੀਤ ਸਿੰਘ ਉਰਫ ਬੱਲੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋੋਂ ਮੁੱਦਈ ਦਾ ਮੋਟਰਸਾਈਕਲ ਅਤੇ ਮੋਬਾਈਲ ਬਰਾਮਦ ਕੀਤਾ।