ਮੌੜ ਮੰਡੀ: ਥਾਣਾ ਮੌੜ ਦੇ ਇਲਾਕੇ ਅੰਦਰ ਦਿਨ-ਦਿਹਾੜੇ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਪਿੰਡ ਕੁੱਤੀਵਾਲ ਕਲਾਂ ਦੇ ਬੱਸ ਸਟੈਂਡ ਨੇੜਿਓਂ ਬੀਤੇ ਦਿਨ ਪਿੰਡ ਮੌੜ ਕਲਾਂ ਦੀ ਔਰਤ ਗੁਰਮੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਮੌੜ ਕਲਾਂ ਦੇ ਕੰਨਾਂ ’ਚੋਂ ਵਾਲੀਆਂ ਤੇ ਅੱਜ ਬਾਅਦ ਦੁਪਿਹਰ ਸਮੇਂ ਬਜ਼ੁਗ ਜਸਵੰਤ ਕੌਰ ਪਤਨੀ ਤੇਜਾ ਸਿੰਘ ਵਾਸੀ ਮੌੜ ਕਲਾਂ ਦੀਆਂ ਸੋਨੇ ਦੀਆਂ ਵਾਲੀਆਂ ਬਾਜ਼ਾਰ ਤੋਂ ਘਰ ਜਾਣ ਸਮੇਂ ਝਪਟ ਲਈਆਂ ਅਤੇ ਉਸ ਨੂੰ ਜ਼ਖ਼ਮੀ ਕਰਕੇ ਚੋਰ ਰਫ਼ੂ ਚੱਕਰ ਹੋ ਗਏ। ਇਸ ਸਬੰਧੀ ਗੱਲਬਾਤ ਕਰਨ ’ਤੇ ਥਾਣਾ ਮੌੜ ਦੇ ਮੁਖੀ ਹਰਬੰਸ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਦੂਜੇ ਪਾਸੇ ਲੋਕ ਇਨਸਾਫ ਦੇ ਆਗੂ ਐਡਵੋਕੇਟ ਰਵਿੰਦਰ ਸਿੰਘ ਮੌੜ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਨਾਲ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਹੁੰਦਾ ਹੈ, ਉੱਥੇ ਔਰਤਾਂ ਦੀ ਇੱਜਤ ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪੁਲੀਸ ਪ੍ਰਸ਼ਾਸ਼ਨ ਵੱਲੋਂ ਵਾਰਦਾਤਾਂ ਨੂੰ ਨਾ ਰੋਕਿਆ ਤਾਂ ਲੋਕ ਇਨਸਾਫ ਪਾਰਟੀ ਲੋਕਾਂ ਦੇ ਸਮਰਥਨ ਨਾਲ ਸੰਘਰਸ਼ ਵਿੱਢੇਗੀ। -ਪੱਤਰ ਪ੍ਰੇਰਕ