ਜੋਗਿੰਦਰ ਸਿੰਘ ਮਾਨ
ਮਾਨਸਾ, 29 ਜੁਲਾਈ
ਇੱਥੇ ਅੱਜ ਵੱਡੇ ਤੜਕੇ ਪੈਣ ਲੱਗੇ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰ ਕੇ ਰੱਖ ਦਿੱਤਾ। ਇਸ ਦੌਰਾਨ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਮੀਂਹ ਕਰ ਕੇ ਜਿੱਥੇ ਬੱਚ ਸਕੂਲਾਂ ’ਚ ਨਹੀਂ ਜਾ ਸਕੇ, ਉੱਥੇ ਬਹੁਤੇ ਸਰਕਾਰੀ ਦਫ਼ਤਰਾਂ ਦੇ ਬਾਬੂ ਵੀ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਪਾਣੀ ਭਰਨ ਕਾਰਨ ਦੁਕਾਨਾਂ ਵੀ ਨਾ ਖੁੱਲ੍ਹ ਸਕੀਆਂ। ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿੱਚ ਪਾਣੀ ਭਰ ਗਿਆ।
ਪਾਣੀ ਦਾ ਠੀਕ ਨਿਕਾਸ ਨਾ ਹੋਣ ਕਾਰਨ ਗਲੀਆਂ ਤੇ ਕਈ ਮੁਹੱਲਿਆਂ ਵਿਚਲੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ। ਲੋਕ ਇਸ ਸਬੰਧੀ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਭਾਰੀ ਮੀਂਹ ਕਾਰਨ ਅੱਜ ਆਟੋ-ਰਿਕਸ਼ਾ ਵਾਲਿਆਂ ਦੀ ਪੂਰੀ ਚਾਂਦੀ ਰਹੀ। ਉਨ੍ਹਾਂ ਪਾਣੀ ਦੀ ਇਸ ਦਿਕੱਤ ਕਾਰਨ ਆਪਣਾ ਕਿਰਾਇਆ ਵੀ ਵਧਾ ਦਿੱਤਾ। ਉੱਧਰ, ਨਗਰ ਕੌਂਸਲ ਮਾਨਸਾ ਦੇ ਮੀਤ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਇੱਕ ਵਾਰ ਤਾਂ ਸ਼ਹਿਰ ਵਿੱਚ ਪਾਣੀ ਭਰ ਜਾਂਦਾ ਹੈ, ਪਰ ਇਸ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਉਪਰਾਲੇ ਆਰੰਭੇ ਹੋਏ ਹਨ।
ਬੋਹਾ (ਨਿਰੰਜਣ ਬੋਹਾ): ਬੋਹਾ ਕਸਬੇ ਵਿੱਚ ਲੰਘੀ ਰਾਤ ਤੇ ਅੱਜ ਸਵੇਰੇ ਪਏ ਮੀਂਹ ਨੇ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤੀ। ਇਸ ਬਰਸਾਤ ਕਾਰਨ ਛੋਟੇ ਬੱਸ ਅੱਡੇ ਨੇੜਲੇ ਸ਼ਹੀਦ ਅਮਰੀਕ ਸਿੰਘ ਯਾਦਗਾਰੀ ਗੇਟ ਵਾਲੇ ਪ੍ਰਵੇਸ਼ ਦੁਆਰ ਸਮੇਤ ਸ਼ਹਿਰ ਦੇ ਬਹੁਤ ਸਾਰੇ ਰਸਤਿਆਂ ’ਤੇ ਆਵਾਜਾਈ ਠੱਪ ਰਹੀ ਤੇ ਜ਼ਰੂਰੀ ਕੰਮਾਂ ਲਈ ਲੋਕਾਂ ਨੂੰ ਮੀਂਹ ਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪਿਆ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸਥਿਤੀ ਹੋਰ ਵੀ ਗੰਭੀਰ ਬਣੀ ਰਹੀ। ਸ਼ਹਿਰ ਦੇ ਵਾਰਡ ਨੰਬਰ 10 ਤੇ 11 ਦੀਆਂ ਮੁੱਖ ਗਲੀਆਂ, ਭਾਗ ਸਿੰਘ ਟੇਲਰ ਵਾਲੀ ਗਲੀ, ਬੱਸ ਅੱਡੇ ਵਾਲੀ ਗਲੀ ਵਿਚ ਤੇ ਮਦਾਨੀ ਮੁਹੱਲਾ ਆਦਿ ਵਿੱਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਨ ਕਾਰਨ ਜਿੱਥੇ ਅੱਜ ਵੱਡੀ ਗਿਣਤੀ ਵਿਦਿਆਰਥੀ ਸਕੂਲ ਨਹੀਂ ਜਾ ਸਕੇ ਉੱਥੇ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋਣ ਕਾਰਨ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ।
ਏਲਨਾਬਾਦ (ਜਗਤਾਰ ਸਮਾਲਸਰ): ਇੱਥੇ ਅੱਜ ਪਏ ਮੀਂਹ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਮੁੱਖ ਬਾਜ਼ਾਰ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਨਾਲ ਸ਼ਹਿਰ ਦੇ ਟਿੱਬੀ ਬੱਸ ਸਟੈਂਡ, ਪੁਰਾਣੇ ਬੀਡੀਪੀਓ ਦਫ਼ਤਰ, ਮੁਮੇਰਾ ਰੋਡ ’ਤੇ ਕਾਫ਼ੀ ਪਾਣੀ ਇਕੱਠਾ ਹੋ ਗਿਆ। ਹਨੂੰਮਾਨਗੜ੍ਹ ਰੋਡ ’ਤੇ ਸਥਿਤ ਅੰਡਰਬ੍ਰਿਜ ਵਿੱਚ ਵੀ ਪਾਣੀ ਭਰ ਗਿਆ। ਮੁੱਖ ਬਾਜ਼ਾਰ ਦੀਆਂ ਕਈਆ ਦੁਕਾਨਾਂ ’ਚ ਪਾਣੀ ਵੜਨ ਕਾਰਨ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਹੋਇਆ ਹੈ।
ਪਿੰਡ ਲਾਲਬਾਈ ਵਿੱਚ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ
ਲੰਬੀ (ਇਕਬਾਲ ਸਿੰਘ ਸ਼ਾਂਤ): ਇਲਾਕੇ ਵਿੱਚ ਅੱਜ ਪਏ ਮੀਂਹ ਦੌਰਾਨ ਡਰੇਨੇਜ ਵਿਭਾਗ ਦੇ ਨਿਕਾਸੀ ਪ੍ਰਬੰਧ ਫੇਲ੍ਹ ਹੋਣ ਕਾਰਨ ਪਿੰਡ ਲਾਲਬਾਈ ਵਿੱਚ ਹੜ੍ਹਾਂ ਜਿਹੀ ਸਥਿਤੀ ਪੈਦਾ ਹੋ ਗਈ। ਇੱਥੋਂ ਦੇ ਗੁਰਦੁਆਰੇ ਸਮੇਤ ਵੱਡੀ ਗਿਣਤੀ ਘਰਾਂ ’ਚ ਮੀਂਹ ਦਾ ਪਾਣੀ ਵੜ ਗਿਆ। ਨਿਕਾਸੀ ਮੋਟਰਾਂ ਦੀ ਅਗਾਊਂ ਸਾਂਭ-ਸੰਭਾਲ ਨਾ ਹੋਣ ਕਰ ਕੇ ਚਾਰੋਂ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵੱਲ ਨੂੰ ਆ ਗਿਆ। ਛੱਪੜਾਂ ’ਤੇ ਲੱਗੀਆਂ ਨਿਕਾਸੀ ਮੋਟਰਾਂ ਸੜੀਆਂ ਹੋਣ ਕਰ ਕੇ ਇਹ ਹਾਲਾਤ ਪੈਦਾ ਹੋਏ ਹਨ। ਪਿੰਡ ਵਾਸੀਆਂ ਨੂੰ ਡਰੇਨੇਜ ਵਿਭਾਗ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਗਿੱਦੜਬਾਹਾ-ਲੰਬੀ ਸੜਕ ’ਤੇ ਚਾਰ ਘੰਟੇ ਤੱਕ ਧਰਨਾ ਲਗਾਉਣਾ ਪਿਆ। ਪਿੰਡ ਨੂੰ ਡੁੱਬਣ ਤੋਂ ਬਚਾਉਣ ਲਈ ਲੋਕਾਂ ਨੇ ਨਿੱਜੀ ਪੰਪ ਸੈੱਟ ਚਲਾ ਪਾਣੀ ਆਪਣੇ ਖੇਤਾਂ ਵਿੱਚ ਛੱਡਿਆ। ਉੱਧਰ, ਡਰੇਨੇਜ ਵਿਭਾਗ ਦੇ ਜੇ.ਈ. ਲਵਜਿੰਦਰ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਲਾਲਬਾਈ ਵਿੱਚ ਨਿਕਾਸੀ ਲਈ ਮੁਲਾਜ਼ਮ ਤਾਇਨਾਤ ਨਹੀਂ ਹੈ। ਹੁਣ ਐਸਟੀਮੇਟ ਬਣਾ ਕੇ ਭੇਜਿਆ ਹੈ। ਬਾਕੀ ਅਫ਼ਸਰਾਂ ਨੂੰ ਪਤਾ ਹੋਵੇਗਾ ਕਿ ਠੇਕਾ ਅੱਗੇ ਵਧਾਇਆ ਜਾਂ ਨਹੀਂ।