ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਜੂਨ
ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਦੇਸ਼ ਭਗਤ ਪਾਰਕ ’ਚ ਉੱਡਣੇ ਸਿੱਖ ਮਿਲਖਾ ਸਿੰਘ ਨੂੰ 8 ਫੁੱਟ ਉਚੀ ਮੂਰਤੀ ਉੱਤੇ ਮੂਰਤੀਕਾਰ ਮਨਜੀਤ ਸਿੰਘ ਗਿੱਲ ਤੇ ਹੋਰ ਖੇਡ ਪ੍ਰੇਮੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪਾਰਕ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਸਮੇਤ ਤਕਰੀਬਨ 60 ਤੋਂ ਵੱਧ ਮਹਾਨ ਹਸਤੀਆਂ ਦੀਆਂ ਮੂਰਤੀਆਂ ਸਥਾਪਤ ਹਨ।।
ਮੂਰਤੀਕਾਰ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਉਸ ਦੀ ਮਿਲਖਾ ਸਿੰਘ ਨਾਲ 29 ਸਾਲ ਪੁਰਾਣੀ ਸਾਂਝ ਦਾ ਅੱਜ ਆਖਰੀ ਦਿਨ ਹੋ ਨਿੱਬੜਿਆ। ਉਨ੍ਹਾਂ ਦੱਸਿਆ ਕਿ ਮਿਲਖਾ ਸਿੰਘ ਅਕਸਰ ਆਖਦੇ ਸਨ ,“ਮਨਜੀਤ ਤੁਸੀਂ ਮੇਰੀਆਂ ਸਦੀਵੀ ਯਾਦਾਂ ਬਣਾ ਦਿੱਤੀਆਂ।’ ਬਸ ਹੁਣ ਯਾਦਾਂ ਹੀ ਰਹਿ ਗਈਆਂ, ਉਨ੍ਹਾਂ ਦੀਆਂ ਲੰਬੀ ਦੌੜ ਅੱਜ ਪੂਰੀ ਹੋ ਗਈ।