ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਮਈ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਰਾਜਗੜ੍ਹ ਵਿੱਚ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜਿੱਤ ਦੀ ਖੁਸ਼ੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਵੋਟਰਾਂ ਦਾ ਧੰਨਵਾਦ ਕਰਨ ਲਈ ਪਿੰਡ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਹੁੰਚੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣੀ ਹੈ ਤੇ ਸੂਬੇ ਦੇ ਹੋਰ ਹਲਕਿਆਂ ਵਿੱਚ ਵੀ ਵੱਡੇ ਲੀਡਰਾਂ ਦੀ ਥਾਂ ਆਮ ਲੋਕਾਂ ਦੇ ਪੁੱਤਰ ਤੇ ਧੀਆਂ ਜਿੱਤ ਕੇ ਵਿਧਾਇਕ ਬਣੇ। ਉਨ੍ਹਾਂ ਕਿਹਾ ਕਿ ਇਹ ਤੁਹਾਡੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹੀ ਹੈ ਕਿ ਤੁਸੀਂ ਆਮ ਘਰ ਦੇ ਪੁੱਤਰ ਨੂੰ ਆਪਣੀ ਸੇਵਾ ਲਈ ਚੁਣਿਆ। ਇਸ ਮੌਕੇ ਕਾਮਰੇਡ ਅਮਰੀਕ ਸਿੰਘ ਫੂਲ, ਜਤਿੰਦਰ ਸਿੰਘ ਭੱਲਾ, ਲੱਖਾ ਸਿੰਘ ਘੰਡਾਬੰਨਾ ਤੇ ਰਵੀ ਸਿੰਗਲਾ ਭੁੱਚੋ ਮੰਡੀ ਆਦਿ ਸ਼ਾਮਲ ਸਨ।