ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਜੂਨ
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਇਕ ਮੰਗ ਪੱਤਰ ਸਹਾਇਕ ਲੇਬਰ ਕਮਿਸ਼ਨਰ ਰਾਹੀਂ ਕਿਰਤ ਮੰਤਰੀ ਅਤੇ ਕਿਰਤ ਕਮਿਸ਼ਨਰ ਨੂੰ ਭੇਜਿਆ ਗਿਆ, ਜਿਸ ਵਿੱਚ ਘੱਟੋ ਘੱਟ ਉਜ਼ਰਤਾਂ ’ਚ ਸੋਧ ਕਰਨ ਸਬੰਧੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਵੱਖ ਵੱਖ ਖੇਤਰਾਂ ਅਤੇ ਸਰਕਾਰੀ ਵਿਭਾਗਾਂ ਅੰਦਰ ਕੰਮ ਕਰਦੇ ਕੱਚੇ ਵਰਕਰਾਂ ਅਤੇ ਦਿਹਾੜੀਦਾਰ ਕਾਮਿਆਂ ਦੀਆਂ ਉਜ਼ਰਤਾਂ ’ਚ 2012 ਤੋਂ ਬਾਅਦ ਕੋਈ ਸੋਧ ਨਹੀਂ ਕੀਤੀ ਗਈ ਜਦੋਂ ਕਿ ਘੱਟ ਉਜਰਤਾਂ ਅੰਦਰ ਹਰੇਕ ਪੰਜ ਸਾਲ ਬਾਅਦ ਸੋਧ ਕਰਨੀ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੁੰਦੀ ਹੈ, ਇਸ ਅਰਸੇ ਦੌਰਾਨ ਮਹਿੰਗਾਈ ਦਰ ਲਗਭਗ ਦੁੱਗਣੀ ਹੋ ਚੁੱਕੀ ਹੈ, ਕਿਉਂਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਘੱਟ ਤਨਖਾਹ 18 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਰਤੀ ਕਾਮਿਆਂ ਦੀਆਂ ਘੱਟੋ ਘੱਟ ਉਜ਼ਰਤਾਂ ਅੰਦਰ ਤੁਰੰਤ ਸੋਧ ਕਰਕੇ ਹਰੇਕ ਕਿਰਤੀ ਨੂੰ ਵੀ 18 ਹਜ਼ਾਰ ਰੁਪਏ ਉਜਰਤ ਦਿੱਤੀ ਜਾਵੇ। ਕਾਮਿਆਂ ਨੂੰ ਮਿਲਣ ਵਾਲੀ ਘੱਟੋ ਘੱਟ ਉਜ਼ਰਤ ’ਚ ਹਰੇਕ ਸਾਲ ਵਿੱਚ ਦੋ ਵਾਰੀ ਮਹਿੰਗਾਈ ਸੂਚਕ ਅੰਕ ਦੇ ਹਿਸਾਬ ਨਾਲ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਮਾਰਚ 2020 ਤੋਂ ਬਾਅਦ ਨਹੀਂ ਦਿੱਤਾ ਗਿਆ।