ਜਸਵੰਤ ਜੱਸ
ਫ਼ਰੀਦਕੋਟ, 3 ਸਤੰਬਰ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ 20 ਹਵਾਲਾਤੀਆਂ ਖਿਲਾਫ਼ ਸਿਟੀ ਪੁਲੀਸ ਫਰੀਦਕੋਟ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਬੈਰਕਾਂ ਵਿੱਚ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਟ ਦਵਿੰਦਰ ਸਿੰਘ ਨੇ ਦੱਸਿਆ ਕਿ ਬੈਰਕਾਂ ਦੀ ਤਲਾਸ਼ੀ ਦੌਰਾਨ ਹਵਾਲਾਤੀ ਰਿਸ਼ਬ ਬੈਨੀਪਾਲ, ਕਪਿਲ ਕੁਮਾਰ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ, ਕਾਰਜ ਸਿੰਘ, ਲਵਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਬਲਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਲੋਂ ਮੋਬਾਇਲ ਫ਼ੋਨ, ਪੈਨ ਡਰਾਈਵ, ਕਾਰਡ ਰੀਡਰ ਆਦਿ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਸਾਰੇ ਹਵਾਲਾਤੀਆਂ ਖਿਲਾਫ਼ ਜੇਲ੍ਹ ਐਕਟ ਦੀ ਧਾਰਾ 52 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਇਸੇ ਦੌਰਾਨ ਕੇਂਦਰੀ ਮਾਡਰਨ ਦੇ ਦੋ ਕੈਦੀ ਪੈਰੋਲ ਉੱਪਰ ਜਾਣ ਤੋਂ ਬਾਅਦ ਵਾਪਸ ਨਹੀਂ ਆਏ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਇਨ੍ਹਾਂ ਕੈਦੀਆਂ ਖਿਲਾਫ਼ ਵੀ ਪਰਚਾ ਦਰਜ ਕਰ ਲਿਆ ਹੈ।
ਕੇਂਦਰੀ ਮਾਡਰਨ ਜੇਲ੍ਹ ਨੇ ਪਿਛਲੇ ਦਸ ਦਿਨਾਂ ਵਿੱਚ ਜੇਲ੍ਹ ਦੇ 40 ਕੈਦੀਆਂ ਤੇ ਹਵਾਲਾਤੀਆਂ ਉੱਪਰ ਗੈਰ ਕਾਨੂੰਨੀ ਤਰੀਕੇ ਨਾਲ ਜੇਲ੍ਹ ਅੰਦਰ ਮੋਬਾਇਲ ਵਰਤਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਵਾਇਆ ਹੈ ਪਰ ਜੇਲ੍ਹ ਅਧਿਕਾਰੀ ਆਪਣੀ ਪੜਤਾਲ ਵਿੱਚ ਅਜੇ ਤੱਕ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਜੇਲ੍ਹ ਦੀਆਂ ਬੈਰਕਾਂ ਵਿੱਚ ਕੈਦੀਆਂ ਕੋਲ ਮੋਬਾਈਲ ਫ਼ੋਨ ਕਿਵੇਂ ਪਹੁੰਚ ਜਾਂਦੇ ਹਨ? ਜਦਕਿ ਜੇਲ੍ਹ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਗੇਟ ਉੱਪਰ ਤਲਾਸ਼ੀ ਲਈ ਜਾਂਦੀ ਹੈ।