ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਵਿਭਾਗ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਮੇ ਦੀ ਬਿਜਾਈ ਦਾ ਕਾਰਜ ਫਟਾ-ਫਟ ਨਬਿੇੜਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਲੇਟ ਕੀਤੀ ਬਿਜਾਈ ਕਾਰਨ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜਿਸ ਕਾਰਨ ਫ਼ਸਲ ਦਾ ਝਾੜ ਹੀ ਨਹੀਂ ਘੱਟਦਾ, ਸਗੋਂ ਕਈ ਕਿਸਮ ਦੀਆਂ ਕੀਟ-ਨਾਸ਼ਕ ਦਵਾਈਆਂ ਦਾ ਆਸਰਾ ਲੈਣਾ ਪੈਦਾ ਹੈ, ਜੋ ਕਿਸਾਨ ਦੀ ਜੇਬ ’ਤੇ ਵੀ ਬੋਝ ਬਣਦੀਆਂ ਹਨ। ਖੇਤੀ ਵਿਗਿਆਨੀਆਂ ਨੇ ਕਿਹਾ ਕਿ ਕਪਾਹ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ 15 ਮਈ ਤੱਕ ਹੀ ਬਿਹਤਰ ਮੰਨਿਆ ਜਾਂਦਾ ਹੈ, ਪਰ ਜੇ ਮਈ ਦੇ ਪਹਿਲੇ ਹਫ਼ਤੇ ਵਿੱਚ ਬਿਜਾਈ ਹੋ ਜਾਵੇ ਤਾਂ ਉਹ ਦੀ ਕੋਈ ਰੀਸ ਨਹੀਂ। ਮਾਲਵਾ ਖੇਤਰ ਵਿੱਚ ਇਸ ਵੇਲੇ ਅੱਧੀਆਂ ਨਹਿਰਾਂ ਅਤੇ ਰਜਵਾਹਿਆਂ ਵਿੱਚ ਪੂਰੀ ਮਾਤਰਾ ’ਚ ਪਾਣੀ ਦੀ ਸਪਲਾਈ ਨਹੀਂ ਹੋ ਸਕੀ ਹੈ ਤੇ ਨਾ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਰਾਉਣੀ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਣ ਲੱਗੀ ਹੈ, ਜਿਸ ਕਾਰਨ 5 ਪ੍ਰਤੀਸ਼ਤ ਨਰਮੇ ਦੀ ਬਿਜਾਈ ਵੀ ਅਜੇ ਤੱਕ ਨਹੀਂ ਹੋ ਸਕੀ। ਨਹਿਰਾਂ ਵਿੱਚ ਪੂਰਾ ਪਾਣੀ ਕਦੋਂ ਆਵੇਗਾ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐੱਲ) ਕਿਸਾਨਾਂ ਨੂੰ ਨਰਮਾ ਬੀਜਣ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਕਦੋਂ ਆਰੰਭ ਕਰੇਗਾ, ਇਸ ਸਬੰਧੀ ਅਜੇ ਤੱਕ ਦੋਨੇ ਮਹਿਕਮਿਆਂ ਪਾਸੋਂ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਭਾਖੜਾ ਨਹਿਰ ਦੀ ਬੰਦੀ ਚੱਲਣ ਨਾਲ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਮੰਨਿਆ ਕਿ ਨਰਮੇ ਦੀ ਢੁੱਕਵੀਂ ਬਿਜਾਈ ਲਈ 15 ਅਪਰੈਲ ਤੋਂ 15 ਮਈ ਤੱਕ ਦਾ ਹੀ ਸਹੀ ਸਮਾਂ ਹੈ। ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਮਾਨਸਾ ਦੇ ਇਕ ਅਧਿਕਾਰੀ ਡਾ. ਮਨੋਜ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਫਟਾਫਟ ਬਿਜਾਈ ਕਰਨ ਦਾ ਸੱਦਾ ਦੇਣ ਦੇ ਨਾਲ-ਨਾਲ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਦੋਗਲੀਆਂ ਬੀ.ਟੀ ਨਰਮੇ ਦੀਆਂ ਕਿਸਮਾਂ ਨੂੰ ਹੀ ਆਪਣੇ ਖੇਤਾਂ ਵਿੱਚ ਬੀਜਣ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਰਦੇਵ ਸਿੰਘ ਕੋਟਧਰਮੂ ਨੇ ਕਿਹਾ ਕਿ ਨਹਿਰਾਂ ਦੀ ਬੰਦੀ ਨਰਮੇ ਦੀ ਬਿਜਾਈ ਲਈ ਵੱਡੀ ਰੁਕਾਵਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਪੰਜਾਬ ਸਰਕਾਰ ਨੂੰ ਨਰਮੇ ਦੀ ਬਿਜਾਈ ਵਾਲੇ ਢੁੱਕਵੇਂ ਦਿਨਾਂ ਵਿੱਚ ਪੂਰਾ ਪਾਣੀ ਛੱਡਣ ਲਈ ਬਕਾਇਦਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਂਦੇ ਹਨ, ਪਰ ਹਰ ਵਾਰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।